ਜਲਦ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ : SGPC ਪ੍ਰਧਾਨ ਧਾਮੀ

0
409

ਖੰਨਾ| ‘ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਹੋ ਸਕਦੀਆਂ ਹਨ। ਇਸ ਲਈ ਪੰਥਕ ਸੇਵਾਵਾਂ ਲਈ ਵਰਕਰਾਂ ਨੂੰ ਕਮਰਕੱਸੇ ਕੱਸ ਲੈਣੇ ਚਾਹੀਦੇ ਹਨ ਕਿਉਂਕਿ ਪਹਿਲਾਂ ਹੀ ਪੰਥ ਦੋਖੀ ਤਾਕਤਾਂ ਸਿੱਖਾਂ ਦੇ ਗੁਰੂਧਾਮਾਂ ’ਤੇ ਕਬਜ਼ੇ ਕਰਨ ਦੀਆਂ ਵਿਊਂਤਾਂ ਬਣਾ ਰਹੀਆਂ ਹਨ। ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੰਥ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਸੀ।’

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੀਆਰ ਟਰਾਂਸਪੋਰਟ ਦਫ਼ਤਰ ਖੰਨਾ ਵਿਖੇ ਕੀਤਾ। ਉਨ੍ਹਾਂ ਨੇ ਚੋਣਾਂ ਸਬੰਧੀ ਸ਼੍ਰੋ੍ਮਣੀ ਕਮੇਟੀ ਮੈਂਬਰ ਜਥੇ. ਦਵਿੰਦਰ ਸਿੰਘ ਖੱਟੜਾ ਤੇ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨਾਲ ਵਿਚਾਰਾਂ ਕੀਤੀਆਂ। ਖੱਟੜਾ ਤੇ ਯਾਦੂ ਨੇ ਐਡਵੋਕੇਟ ਧਾਮੀ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ।

ਧਾਮੀ ਨੇ ਕਿਹਾ ਕਿ ਪੰਥਕ ਤੇ ਟਕਸਾਲੀ ਪਰਿਵਾਰਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਅੱਗੇ ਹੋ ਕੇ ਯੋਗਦਾਨ ਪਾਇਆ ਜਿਨ੍ਹਾਂ ’ਚ ਖੱਟੜਾ ਪਰਿਵਾਰ ਇਕ ਹੈ ਜੋ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ’ਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅਜਿਹੇ ਟਕਸਾਲੀ ਪਰਿਵਾਰ ਅੱਗੇ ਹੋ ਕੇ ਕੰਮ ਕਰਨਗੇ। ਧਾਮੀ ਨੇ ਕਿਹਾ ਕਿ ਭਵਿੱਖ ’ਚ ਅਜਿਹੇ ਪਰਿਵਾਰਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਯਤਨ ਕੀਤੇ ਜਾਣਗੇ।