ਤਰਨਤਾਰਨ: ਤਰਨਤਾਰਨ ‘ਚ ਇਕ ਸਵਿਫਟ ਕਾਰ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਕਾਰ ‘ਚ ਬੈਠੀ ਦਰਾਣੀ-ਜਠਾਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ਚਲਾ ਰਹੇ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਹਾਦਸਾ ਤਰਨਤਾਰਨ ਦੀ ਪੱਟੀ ਦੇ ਝੰਡੋਕੇ ਸਰਹਾਲੀ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਤਰਨਤਾਰਨ ਦੇ ਪਿੰਡ ਲੋਹਕਾ ਤੋਂ ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਇਆ ਸੀ। ਪਰਿਵਾਰ ਅਜੇ ਝੰਡੋਕੇ ਸਰਹਾਲੀ ਪਹੁੰਚਿਆ ਹੀ ਸੀ ਕਿ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਕਾਰ ਦਾ ਬੋਨਟ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਕਾਰ ‘ਚ ਅੱਗੇ-ਪਿੱਛੇ ਬੈਠੀ ਦਰਾਣੀ-ਜਠਾਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਕਾਰ ਚਾਲਕ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਨੌਸ਼ਹਿਰਾ ਪੰਨੂਆ ਦੇ ਸਬ ਇੰਸਪੈਕਟਰ ਇਕਬਾਲ ਸਿੰਘ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਕਾਰਵਾਈ ਕੀਤੀ ਜਾਵੇਗੀ।
ਲਾਸ਼ਾਂ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ, ਜਦਕਿ ਕਾਰ ਚਾਲਕ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਔਰਤਾਂ ਦੀ ਪਛਾਣ ਅਮਰਜੀਤ ਕੌਰ ਅਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ। ਕਾਰ ਨੂੰ ਮ੍ਰਿਤਕ ਅਮਰਜੀਤ ਕੌਰ ਦਾ ਪਤੀ ਪਰਮਜੀਤ ਸਿੰਘ ਚਲਾ ਰਿਹਾ ਸੀ।