ਜਲੰਧਰ| ਸ਼ਹਿਰ ਦੇ ਅਬਾਦਪੁਰਾ ‘ਚ ਦਿਨ-ਦਿਹਾੜੇ ਇਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪੁੱਤਰਾਂ ‘ਤੇ ਕਤਲ ਦਾ ਦੋਸ਼ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਔਰਤ ਅਬਾਦਪੁਰਾ ਦੀ ਗਲੀ ਨੰਬਰ 4 ਵਿਖੇ ਆਪਣੇ ਤਿੰਨ ਲੜਕਿਆਂ ਨਾਲ ਘਰ ਰਹਿੰਦੀ ਸੀ ਅਤੇ ਤਿੰਨੋਂ ਅਜੇ ਅਣਵਿਆਹੇ ਸਨ। ਔਰਤ ਦੇ ਪੁੱਤਰ ਅਕਸਰ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਸਨ। ਮ੍ਰਿਤਕ ਔਰਤ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ ਹੈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਸ ਦੇ 2 ਲੜਕੇ ਉਸ ਨਾਲ ਅਕਸਰ ਲੜਦੇ ਰਹਿੰਦੇ ਸਨ। ਉਸ ਦਾ ਦੋਸ਼ ਹੈ ਕਿ ਕਈ ਵਾਰ ਉਹ ਆਪਣੇ ਕੱਪੜੇ ਉਤਾਰ ਕੇ ਆਪਣੀ ਮਾਂ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਸੀ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸਮਝਾਉਣ ‘ਤੇ ਵੀ ਉਹ ਮਾਂ ਦੀ ਕੁੱਟਮਾਰ ਕਰਦੇ ਸਨ। ਇਲਜ਼ਾਮ ਹੈ ਕਿ ਅੱਜ ਸਵੇਰੇ ਵੀ ਔਰਤ ਦੀ ਉਸਦੇ ਪੁੱਤਰਾਂ ਨੇ ਕੁੱਟਮਾਰ ਕੀਤੀ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਹ ਔਰਤ ਨੂੰ ਰਿਕਸ਼ੇ ‘ਤੇ ਬਿਠਾ ਕੇ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁੱਤਰ ਨੇ ਕਿਹਾ ਕਿ ਮਾਂ ਪੌੜੀਆਂ ਤੋਂ ਡਿੱਗ ਗਈ ਸੀ
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਰਮੇਸ਼ ਰਾਣੀ ਨਾਲ ਹੋਈ ਲੜਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਬਜ਼ੁਰਗ ਔਰਤ ਦੇ ਸਿਰ ਅਤੇ ਹੱਥ ‘ਤੇ ਡੂੰਘੀ ਸੱਟ ਸੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਔਰਤ ਦੇ ਲੜਕੇ ਰਮੇਸ਼ ਉਰਫ ਚੂਈ ਨੂੰ ਮਾਮਲੇ ਸਬੰਧੀ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮਾਂ ਸਵੇਰੇ ਪਾਣੀ ਲੈਣ ਗਈ ਸੀ ਤਾਂ ਉਹ ਆਉਂਦੇ ਸਮੇਂ ਪੌੜੀਆਂ ਤੋਂ ਹੇਠਾਂ ਡਿੱਗ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮੌਤ ਦੇ ਸਾਰੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਸ ਮਾਮਲੇ ਵਿੱਚ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਗ੍ਰਿਫ਼ਤਾਰੀ ਕੀਤੀ ਜਾਵੇਗੀ।







































