ਪੰਜਾਬ ‘ਚ ਭਾਰੀ ਬਾਰਿਸ਼ ਨਾਲ ਮਚੀ ਤਬਾਹੀ, ਹੜ੍ਹ ‘ਚ ਰੁੜ੍ਹਨ ਨਾਲ 10 ਲੋਕਾਂ ਦੀ ਮੌਤ

0
6286

ਚੰਡੀਗੜ੍ਹ | ਸ਼ਨੀਵਾਰ ਸਵੇਰੇ ਤੋਂ ਪੈ ਰਹੇ ਮੀਂਹ ਕਾਰਨ ਇਸ ਸਮੇਂ ਪੂਰਾ ਪੰਜਾਬ ਪਾਣੀ ‘ਚ ਡੁੱਬਿਆ ਹੋਇਆ ਹੈ। ਪਟਿਆਲਾ, ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਫਾਜ਼ਿਲਕਾ ਜ਼ਿਲ੍ਹੇ ਅਜੇ ਵੀ ਪਾਣੀ ਦੇ ਘਟਣ ਦੀ ਉਡੀਕ ਕਰ ਰਹੇ ਹਨ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਰੋਪੜ ਜ਼ਿਲ੍ਹੇ ਵਿਚ 2, ਹੁਸ਼ਿਆਰਪੁਰ ਜ਼ਿਲ੍ਹੇ ਵਿਚ 2, ਜਲੰਧਰ ਵਿਚ 1, ਨਵਾਂਸ਼ਹਿਰ ਵਿਚ 2, ਮੋਗਾ ਵਿਚ ਇਕ ਅਤੇ ਫਤਿਹਗੜ੍ਹ ਸਾਹਿਬ ਵਿਚ 2 ਵਿਅਕਤੀ ਸ਼ਾਮਲ ਹਨ। ਹਾਲਾਂਕਿ, ਇਸ ਦੌਰਾਨ ਫਸਲਾਂ ਦੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਜ਼ਿਆਦਾਤਰ ਇਲਾਕਿਆਂ ‘ਚ ਪਾਣੀ ਨਹੀਂ ਘਟਿਆ ਹੈ।

ਹੜ੍ਹ ਕਾਰਨ ਮਰਨ ਵਾਲੇ 10 ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਕਈ ਘਰਾਂ ਆਦਿ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹੁਣ ਤਕ ਪ੍ਰਾਪਤ ਅੰਕੜਿਆਂ ਅਨੁਸਾਰ ਅਜਿਹੀਆਂ ਬਰਬਾਦ ਹੋਈਆਂ ਜਾਇਦਾਦਾਂ ਦੀ ਗਿਣਤੀ 20 ਹੈ। ਇਸ ਤੋਂ ਇਲਾਵਾ 2 ਦਰਜਨ ਤੋਂ ਵੱਧ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ ਪਰ ਹਾਲੇ ਤਕ ਅੰਤਿਮ ਰਿਪੋਰਟ ਨਾ ਆਉਣ ‘ਤੇ ਵਿਭਾਗੀ ਅਧਿਕਾਰੀਆਂ ਦੀ ਪਹਿਲੀ ਤਰਜੀਹ ਹੜ੍ਹਾਂ ‘ਚ ਫਸੇ ਲੋਕਾਂ ਨੂੰ ਕੱਢਣਾ ਹੈ, ਇਸ ਕਾਰਨ ਹੁਣ ਗਿਰਦਾਵਰੀ ਹੋਣ ਤੇ ਇਨਫਰਾਸਟ੍ਰਕਚਰ ਦੇ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਸਮਾਂ ਲੱਗ ਸਕਦਾ ਹੈ।

ਰਿਪੋਰਟਾਂ ਅਨੁਸਾਰ ਰੋਪੜ ਤੋਂ 1480 ਅਤੇ ਪਟਿਆਲਾ ਤੋਂ 107 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਕੁਝ ਜ਼ਿਲ੍ਹਿਆਂ ਤੋਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਤੋਂ ਇਸ ਹੜ੍ਹ ਦਾ ਸ਼ਿਕਾਰ ਹੋਏ ਪਸ਼ੂਆਂ ਬਾਰੇ ਵੀ ਰਿਪੋਰਟ ਮੰਗੀ ਜਾ ਰਹੀ ਹੈ, ਜਿਨ੍ਹਾਂ ‘ਤੇ ਕਿਸਾਨਾਂ ਤੇ ਹੋਰਨਾਂ ਦੀ ਰੋਜ਼ੀ-ਰੋਟੀ ਨਿਰਭਰ ਹੈ। ਇਕ ਸੀਨੀਅਰ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਮੱਝ ਵਰਗੇ ਦੁਧਾਰੂ ਜਾਨਵਰ ਦੀ ਮੌਤ ‘ਤੇ 37 ਹਜ਼ਾਰ 500 ਰੁਪਏ ਦੇਣ ਦੀ ਵਿਵਸਥਾ ਹੈ, ਜਦਕਿ ਬੱਕਰੀ ਦੀ ਮੌਤ ‘ਤੇ 4 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।