ਅਜਨਾਲਾ : ਕਲਯੁਗੀ ਬੰਦੇ ਨੇ ਪਤਨੀ ਤੇ ਧੀ ਨੂੰ ਦਾਤ ਨਾਲ ਵੱਢਿਆ, ਮਾਸੂਮ ਦੀ ਲਾਸ਼ ਖੇਤਾਂ ‘ਚੋਂ ਮਿਲੀ, ਘਰਵਾਲੀ ਆਖਰੀ ਸਾਹਾਂ ‘ਤੇ

0
195

ਅਜਨਾਲਾ| ਅਜਨਾਲਾ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸ਼ਰਾਬੀ ਪਿਓ ਨੇ ਆਪਣੀ ਮਤਰੇਈ ਢਾਈ ਸਾਲਾਂ ਦੀ ਧੀ ਨੂੰ ਦਾਤ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੀ 7ਵੇਂ ਵਿਆਹ ਵਾਲੀ ਘਰ ਵਾਲੀ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਮਾਮਲਾ ਅਜਨਾਲਾ ਦੇ ਪਿੰਡ ਚੱਕ ਡੋਗਰਾ ਦਾ ਹੈ ਜਿੱਥੇ ਇਕ ਪਿਤਾ ਵਲੋਂ ਆਪਣੀ ਮਾਂ ਨਾਲ ਮਿਲ ਕੇ ਆਪਣੀ ਪਤਨੀ ਅਤੇ ਮਾਸੂਮ ਬੱਚੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇਸ ਕਦਰ ਵਾਰ ਕੀਤੇ ਕਿ ਪਤਨੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਬੱਚੀ ਦੀ ਮੌਤ ਹੋ ਗਈ, ਜਿਸਨੂੰ ਦੋਸ਼ੀ ਮਤਰੇਏ ਪਿਓ ਅਤੇ ਦਾਦੀ ਵਲੋਂ ਘਰ ਨਜ਼ਦੀਕ ਕਿਸੇ ਬੋਰੀ ਵਿਚ ਪਾ ਕੇ ਸੁੱਟ ਦਿੱਤਾ।

ਅਜਨਾਲਾ ਪੁਲਸ ਵੱਲੋਂ ਪੀੜਿਤ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਪਿਤਾ ਅਤੇ ਸੱਸ ਉਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਿਵਲ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ।

ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੇ ਰਾਜੂ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਇਕ ਧੀ ਨੂੰ ਨਾਲ ਰਾਜੂ ਘਰ ਲੈ ਗਈ ਸੀ। ਰਾਜੂ ਵਲੋਂ ਉਸਦੀ ਭੈਣ ਅਤੇ ਚਾਰ ਸਾਲਾਂ ਦੀ ਭਾਣਜੀ ਉੱਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਜਿਸ ਦੌਰਾਨ ਉਸਦੀ ਭੈਣ ਗਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਬੱਚੀ ਦੀ ਮੌਤ ਹੋ ਗਈ।

ਬਲਵਿੰਦਰ ਸਿੰਘ ਨੇ ਕਿਹਾ ਕਿ ਰਾਜੂ ਦੇ ਪਹਿਲਾਂ ਵੀ 6 ਦੇ ਵਿਆਹ ਹੋ ਚੁੱਕੇ ਹਨ ਅਤੇ ਹੁਣ ਉਸਨੇ ਉਸਦੀ ਭੈਣ ਨਾਲ ਗਲਤ ਕੀਤਾ ਹੈ। ਉਸਨੇ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਏ।

ਇਸ ਸੰਬੰਧੀ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਸੁਚਨਾ ਮਿਲੀ ਸੀ ਕਿ ਰਾਜੂ ਵਲੋਂ ਕਤਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਕਥਿਤ ਦੋਸ਼ੀ ਰਾਜੂ ਅਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਸਿਵਿਲ ਪ੍ਰਸ਼ਾਸਨ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਾਜੂ ਪਤਨੀ ਦੇ ਪਹਿਲੇ ਵਿਆਹ ਅਤੇ ਬੱਚੀ ਤੋਂ ਪ੍ਰੇਸ਼ਾਨ ਸੀ, ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ।