‘ਆਪ ਦੀ ਮਹਾਰੈਲੀ ‘ਚ ਬੋਲੇ CM ਮਾਨ – ‘ਜੇਕਰ 2024 ‘ਚ ਜਿੱਤੀ BJP ਤਾਂ PM ਮੋਦੀ ਬਣ ਜਾਣਗੇ ‘ਨਰਿੰਦਰ ਪੁਤਿਨ’

0
115

ਦਿੱਲੀ | ਇਥੋਂ ਦੇ ਰਾਮਲੀਲਾ ਮੈਦਾਨ ਵਿਚ ਆਯੋਜਿਤ ਆਮ ਆਦਮੀ ਪਾਰਟੀ ਦੀ ਮਹਾਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ ਦੌਰਾਨ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ 2024 ਦੀਆਂ ਚੋਣਾਂ ਜਿੱਤਦੀ ਹੈ ਤਾਂ ਪੀਐੱਮ ਨਰਿੰਦਰ ਮੋਦੀ ਪੁਤਿਨ ਬਣ ਜਾਣਗੇ।

ਦੱਸ ਦਈਏ ਕਿ ਸੇਵਾ ਮਾਮਲਿਆਂ ‘ਤੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਵਿਰੋਧ ਵਿਚ ਦਿੱਲੀ ਦੀ ਸੱਤਾਧਾਰੀ ਪਾਰਟੀ ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਆਪ ਨੇਤਾ ਤੇ ਮੰਤਰੀ ਗੋਪਾਲ ਰਾਏ ਤੇ ‘ਆਪ’ ਸਾਂਸਦ ਸੰਜੇ ਸਿੰਘ ਨੇ ਸੰਬੋਧਨ ਕੀਤਾ।

ਦਰਅਸਲ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਰਾਜਧਾਨੀ ਵਿਚ ਸੇਵਾਵਾਂ ਦੇ ਕੰਟਰੋਲ ‘ਤੇ ਕੇਂਦਰ ਦੇ ਆਰਡੀਨੈਂਸ ਖਿਲਾਫ ਮਹਾਰੈਲੀ ਦਾ ਆਯੋਜਨ ਕੀਤਾ ਸੀ। ਰੈਲੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੇ ਮੋਦੀ ਨੂੰ ਭਾਰਤ ਦਾ ‘ਮਾਲਿਕ’ ਮੰਨਣਾ ਸ਼ੁਰੂ ਕਰ ਦਿੱਤਾ ਹੈ। ਜੇਕਰ 140 ਕਰੋੜ ਭਾਰਤੀ ਭਾਰਤ ਨੂੰ ਬਚਾਉਣ ਦਾ ਫੈਸਲਾ ਕਰਦੇ ਹਨ ਤਾਂ ਹੀ ਦੇਸ਼ ਬਚ ਸਕੇਗਾ।

ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਆਪ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਰੁਖ਼ ‘ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤੇ ਦਿੱਲੀ ਦੇ ਲੋਕਾਂ ਦੇ ਕਲਿਆਣ ਨੂੰ ਪਹਿਲ ਦੇਣੀ ਚਾਹੀਦੀ ਹੈ। ਕੇਜਰੀਵਾਲ ਨੇ ਕੌਮੀ ਰਾਜਧਾਨੀ ਦੇ ਨਿਵਾਸੀਆਂ ਨਾਲ ‘ਮਹਾ ਰੈਲੀ’ ਵਿਚ ਵੱਡੀ ਗਿਣਤੀ ਵਿਚ ਆਉਣ ਦੀ ਅਪੀਲ ਕੀਤੀ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਪਕ ਪ੍ਰਚਾਰ ਕੀਤਾ ਹੈ, ਲੋਕਾਂ ਤੱਕ ਪਹੁੰਚੇ ਹਨ ਤੇ ਉਨ੍ਹਾਂ ਨੂੰ ਆਰਡੀਨੈਂਸ ਬਾਰੇ ਦੱਸਿਆ ਹੈ ਕਿ ਇਹ ਉਨ੍ਹਾਂ ਦੇ ਦੈਨਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰੇਗਾ।