ਅਬੋਹਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਿੰਡ ਬੱਲੂਆਣਾ ਵਿਚ ਬੀਤੀ ਰਾਤ ਸਕਾਰਪੀਓ ਦੀ ਮਿੱਟੀ ਨਾਲ ਲੱਦੇ ਡੰਪਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਸਕਾਰਪੀਓ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਦੇ ਪਰਖੱਚੇ ਉੱਡ ਗਏ। ਮ੍ਰਿਤਕ ਵਿਅਕਤੀ ਮੁਕਤਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸਦਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਦਾ ਰਹਿਣ ਵਾਲਾ ਗੁਰਸਾਹਿਬ ਸਿੰਘ (28) ਪੁੱਤਰ ਭੁਪਿੰਦਰ ਕੁਆਰਾ ਸੀ। ਉਹ ਪੱਤੀ ਸਾਦਿਕ ਵਿਖੇ ਸਕਾਰਪੀਓ ਵਿਚ ਦੋਸਤ ਨੂੰ ਮਿਲ ਕੇ ਅਬੋਹਰ ਤੋਂ ਮਲੋਟ ਵੱਲ ਜਾ ਰਿਹਾ ਸੀ। ਜਦੋਂ ਉਹ ਬੱਲੂਆਣਾ ਨੇੜੇ ਪਹੁੰਚਿਆ ਤਾਂ ਸੜਕ ‘ਤੇ ਜਾ ਰਹੇ ਬੱਲੂਆਣਾ ਵਾਸੀ ਲਵਪ੍ਰੀਤ ਅਤੇ ਵਿੱਕੀ ਦੀ ਮਿੱਟੀ ਦੇ ਡੰਪਰ ਨਾਲ ਜ਼ੋਰਦਾਰ ਟੱਕਰ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕਾਂ ਨੇ ਸਕਾਰਪੀਓ ਚਾਲਕ ਨੂੰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਵਿਚ ਡੰਪਰ ਚਾਲਕ ਵੀ ਜ਼ਖਮੀ ਹੋਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ।