ਮਹਿਲਾ ਪਹਿਲਵਾਨਾਂ ਦੇ ਫ਼ੈਸਲੇ ’ਤੇ ਬੋਲੇ ਬ੍ਰਿਜ ਭੂਸ਼ਣ, “ਗੰਗਾ ‘ਚ ਤਮਗ਼ੇ ਵਹਾਉਣ ਨਾਲ ਮੈਨੂੰ ਫਾਂਸੀ ਨਹੀਂ ਮਿਲੇਗੀ”

0
2454

ਨਵੀਂ ਦਿੱਲੀ | ਇਥੋਂ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਜੇਕਰ ਉਹ ਗਲਤ ਪਾਏ ਗਏ ਤਾਂ ਉਹ ਖੁਦ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਨ। ਬੁੱਧਵਾਰ ਨੂੰ ਉਨ੍ਹਾਂ ਕਿਹਾ, “ਅੱਜ ਵੀ ਮੈਂ ਉਸੇ ਗੱਲ ‘ਤੇ ਕਾਇਮ ਹਾਂ। 4 ਮਹੀਨੇ ਹੋ ਗਏ ਹਨ, ਉਹ ਮੈਨੂੰ ਫਾਂਸੀ ਦੇਣਾ ਚਾਹੁੰਦੇ ਹਨ, ਸਰਕਾਰ ਮੈਨੂੰ ਫਾਂਸੀ ਨਹੀਂ ਦੇ ਰਹੀ, ਇਸ ਲਈ ਉਹ ਆਪਣੇ ਤਮਗ਼ੇ ਲੈ ਕੇ ਗੰਗਾ ਵਿਚ ਵਹਾਉਣ ਜਾ ਰਹੇ ਹਨ।”

ਉਨ੍ਹਾਂ ਕਿਹਾ ਕਿ ਇਹ ‘ਇਮੋਸ਼ਨਲ ਡਰਾਮਾ’ ਹੈ ਅਤੇ ਦਿੱਲੀ ਪੁਲਿਸ ਪਹਿਲਾਂ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ 28 ਮਈ ਨੂੰ ਜੰਤਰ-ਮੰਤਰ ਤੋਂ ਧਰਨਾ ਹਟਾਏ ਜਾਣ ਤੋਂ ਬਾਅਦ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਹਰਿਦੁਆਰ ਵਿਚ ਆਪਣੇ ਤਮਗ਼ੇ ਸੁੱਟਣ ਦਾ ਐਲਾਨ ਕੀਤਾ ਸੀ ਪਰ ਮੰਗਲਵਾਰ ਸ਼ਾਮ ਨੂੰ ਕਿਸਾਨ ਆਗੂ ਨਰੇਸ਼ ਟਿਕੈਤ ਦੇ ਕਹਿਣ ‘ਤੇ ਪਹਿਲਵਾਨਾਂ ਨੇ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਖਿਡਾਰੀ ਗਏ ਤਾਂ ਸੀ ਗੰਗਾ ਵਿਚ ਮੈਡਲ ਵਹਾਉਣ ਪਰ ਗੰਗਾ ਜੀ ਦੀ ਜਗ੍ਹਾ ਨਰੇਸ਼ ਟਿਕੈਤ ਨੂੰ ਦੇ ਆਏ। ਜੇਕਰ ਉਹ ਮੈਡਲ ਵਹਾਉਣਾ ਹੀ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ, ਮੈਂ ਕੀ ਕਰ ਸਕਦਾ ਹਾਂ। ਇਕ ਰੈਲੀ ‘ਚ ਭਾਸ਼ਣ ਦਿੰਦੇ ਹੋਏ ਉਨ੍ਹਾਂ ਕਿਹਾ, ”ਮੇਰੇ ‘ਤੇ ਇਲਜ਼ਾਮ ਲਗਾਉਣ ਵਾਲਿਓ, ਗੰਗਾ ‘ਚ ਤਮਗ਼ੇ ਵਹਾਉਣ ਨਾਲ ਬ੍ਰਿਜ ਭੂਸ਼ਣ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ, ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਜਾ ਕੇ ਪੁਲਿਸ ਨੂੰ ਦਿਓ ਅਤੇ ਜੇਕਰ ਅਦਾਲਤ ਨੇ ਮੈਨੂੰ ਫਾਂਸੀ ‘ਤੇ ਲਟਕਾਇਆ, ਮੈਂ ਇਸ ਨੂੰ ਸਵੀਕਾਰ ਕਰਾਂਗਾ, ਮੈਂ ਫਾਂਸੀ ’ਤੇ ਚੜ੍ਹ ਜਾਵਾਂਗਾ”।