ਲੁਧਿਆਣਾ/ਖੰਨਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਵਿਖੇ ਇਕ ਐੱਨ. ਆਰ. ਆਈ. ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਆਸਟ੍ਰੇਲੀਆ ਤੋਂ ਪਰਤਿਆ ਸੀ, ਜਿਸ ਦੀ ਭੇਤਭਰੀ ਹਾਲਤ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (40) ਵਜੋਂ ਹੋਈ ਹੈ।
ਉਹ ਮਾਂ ਦੇ ਇਲਾਜ ਲਈ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ। ਬੀਤੀ ਦੇਰ ਸ਼ਾਮ ਨੂੰ ਰਮਨਦੀਪ ਸਿੰਘ ਦੇ ਗਲੇ ‘ਤੇ ਭਰਿੰਡ ਲੜ ਗਈ, ਜਿਸ ਮਗਰੋਂ ਉਸ ਦੀ ਹਾਲਤ ਖ਼ਰਾਬ ਹੋ ਗਈ। ਪਰਿਵਾਰਕ ਮੈਂਬਰ ਰਮਨਦੀਪ ਨੂੰ 2 ਨਿੱਜੀ ਹਸਪਤਾਲਾਂ ‘ਚ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਇਸ ਮਗਰੋਂ ਪਰਿਵਾਰ ਦੇ ਲੋਕ ਰਮਨਦੀਪ ਨੂੰ ਸਰਕਾਰੀ ਹਸਪਤਾਲ ਖੰਨਾ ਲੈ ਕੇ ਆਏ।
ਜਿਥੇ ਉਸ ਦੀ ਮੌਤ ਹੋ ਗਈ, ਡਾਕਟਰਾਂ ਅਨੁਸਾਰ ਉਸ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਰਮਨਦੀਪ ਨੂੰ ਭਰਿੰਡ ਲੜੀ ਹੈ ਪਰ ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ‘ਚ ਹੀ ਪਤਾ ਲੱਗਣਗੇ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਘਰ ਸੋਗ ਦਾ ਮਾਹੌਲ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।