ਜਲੰਧਰ . ਪੁਲਿਸ ਕਰਮੀਆਂ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰਫ਼ਿਊ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਪੁਲਿਸ ਕਰਮੀਆਂ ਦੀ ਸਹਾਇਤਾ ਲਈ 1000 ਵਲੰਟੀਅਰ ਨੌਜਵਾਨਾਂ ਨੂੰ ਲਗਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਪੁਲਿਸ ਲਾਈਨ ਵਿਖੇ ਵਲੰਟੀਅਰ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਨੌਜਵਾਨ ਜਿੱਥੇ ਪੁਲਿਸ ਕਰਮੀਆਂ ਨੂੰ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਸਹਾਇਤਾ ਕਰਨਗੇ ਉੱਥੇ ਹੀ ਲੋਕਾਂ ਨੂੰ ਸਹੂਲਤਾਂ ਵੀ ਪ੍ਰਦਾਨ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਕਰਮੀਆਂ ਅਤੇ ਆਮ ਜਨਤਾ ਤੋਂ ਵੱਖ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਟੀ ਸ਼ਰਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ ਸ਼ਹਿਰ ਵਿਖੇ ਪਹਿਲਾਂ ਹੀ ਡਿਊਟੀ ‘ਤੇ ਤਾਇਨਾਤ 1600 ਪੁਲਿਸ ਕਰਮੀਆਂ ਨਾਲ ਤਾਇਨਾਤ ਕੀਤਾ ਜਾਵੇਗਾ।
ਨੌਜਵਾਨਾਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਸਬੰਧੀ ਪੁਲਿਸ ਲਾਈਨ ਵਿਖੇ ਵਿਸ਼ੇਸ਼ ਸਿਖਲਾਈ ਦੇਣ ਉਪਰੰਤ ਪੁਲਿਸ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੌਜਵਾਨ ਵਲੰਟੀਅਰਜ਼ ਦੀ ਚੰਗੀ ਤਰ੍ਹਾਂ ਸਿਹਤ ਜਾਂਚ ਅਤੇ ਪੁਲਿਸ ਸਟੇਸ਼ਨ ਪੱਧਰ ‘ਤੇ ਤਸਦੀਕ ਕਰਨ ਉਪਰੰਤ ਬਹੁਤ ਸਾਵਧਾਨੀ ਨਾਲ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।