ਹੁਸ਼ਿਆਰਪੁਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਜ਼ਿਲੇ ਅਧੀਨ ਪੈਂਦੇ ਥਾਣਾ ਹਾਜੀਪੁਰ ਦੀ ਪੁਲਿਸ ਨੇ ਔਰਤਾਂ ਅਤੇ ਲੜਕੀਆਂ ਵਲੋਂ ਸੁੰਦਰਤਾ ਦੇ ਜਾਲ ‘ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਨੇ ਹਾਜੀਪੁਰ ਦੇ ਪਿੰਡ ਬੁੱਢਾਬਾਦ ਦੇ ਇਕ ਵਪਾਰੀ ਵਿਕਾਸ ਦੱਤਾ ਉਰਫ਼ ਲਾਡਾ ਨੂੰ ਹਨੀਟ੍ਰੈਪ ਵਿਚ ਫਸਾ ਕੇ ਬਲੈਕਮੇਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੱਤਾ ਨੇ ਜਾਨ ਦੇ ਦਿੱਤੀ।
ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਔਰਤਾਂ ਵਲੋਂ ਜਾਲ ‘ਚ ਫਸਾਉਣ ਦੀ ਗੱਲ ਸਾਹਮਣੇ ਆਈ। ਇਹ ਸਭ ਉਸ ਨੂੰ ਬਲੈਕਮੇਲ ਕਰਕੇ ਪੈਸੇ ਮੰਗਦੇ ਸਨ। ਪੁਲਿਸ ਨੇ ਇਸ ਮਾਮਲੇ ‘ਚ 3 ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀਆਂ ਗਈਆਂ ਔਰਤਾਂ ਦਾ ਨੈੱਟਵਰਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਗੁਆਂਢੀ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਵੀ ਸੀ। ਔਰਤਾਂ ਅਤੇ ਕੁੜੀਆਂ ਦਾ ਇਹ ਗਿਰੋਹ ਵੱਖ-ਵੱਖ ਕਸਬਿਆਂ ਵਿਚ ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਹਨੀਟ੍ਰੈਪ ਵਿਚ ਫਸਾਉਂਦਾ ਸੀ। ਮੁੱਖ ਤੌਰ ‘ਤੇ ਉਨ੍ਹਾਂ ਦਾ ਨਿਸ਼ਾਨਾ ਕਾਰੋਬਾਰੀ ਸਨ।
ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਹਾਜੀਪੁਰ ਥਾਣਾ ਇੰਚਾਰਜ ਅਮਰਜੀਤ ਕੌਰ ਨੇ ਦੱਸਿਆ ਕਿ 7 ਮਈ ਨੂੰ ਵਿਕਾਸ ਦੱਤਾ ਵੱਲੋਂ ਜਾਨ ਦੇਣ ਤੋਂ ਬਾਅਦ ਉਸ ਦੇ ਮੋਬਾਇਲ ਦੀ ਜਾਂਚ ਕੀਤੀ। ਇਸ ਵਿਚ ਪੈਸਿਆਂ ਦੀ ਮੰਗ ਨੂੰ ਲੈ ਕੇ ਕੁਝ ਸੰਦੇਸ਼ ਮਿਲੇ। ਇਸ ਤੋਂ ਬਾਅਦ ਜਿਨ੍ਹਾਂ ਨੰਬਰਾਂ ਤੋਂ ਇਹ ਮੈਸੇਜ ਆਏ ਸਨ, ਉਨ੍ਹਾਂ ਨੂੰ ਟਰੇਸ ਕੀਤਾ ਗਿਆ। ਪੁੱਛਗਿੱਛ ਦੌਰਾਨ ਬਲੈਕਮੇਲਰਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਵਿਕਾਸ ਦੱਤਾ 7 ਮਈ ਨੂੰ ਮਰਨ ਤੋਂ ਪਹਿਲਾਂ 5 ਮਈ ਨੂੰ ਮੁਕੇਰੀਆਂ ਦੇ ਪਿੰਡ ਪੁਆੜਾ ਵਿਚ ਔਰਤ ਸਲਮਾ ਨਾਲ ਮਨਰੋ ਉਰਫ ਕ੍ਰਿਸ਼ਨ ਪਤਨੀ ਦਰਸ਼ਨਾ ਦੇ ਘਰ ਗਿਆ ਸੀ। ਘਰ ਵਿਚ ਸਲਮਾ, ਸੋਨੀਆ, ਮਨਰੋ ਉਰਫ਼ ਕ੍ਰਿਸ਼ਨਾ, ਚਰਨਜੀਤ ਕੌਰ, ਹਿਦਾਇਤਾ, ਆਸ਼ਾ ਅਤੇ ਮੰਗਤ ਉਰਫ਼ ਬੱਗੀ ਨੇ ਵਿਕਾਸ ਦੱਤਾ ‘ਤੇ ਪੈਸਿਆਂ ਲਈ ਦਬਾਅ ਪਾਇਆ ਅਤੇ ਧਮਕੀਆਂ ਦਿੱਤੀਆਂ। ਤੰਗ ਆ ਕੇ ਉਸ ਨੇ 7 ਮਈ ਨੂੰ ਜਾਨ ਦੇ ਦਿੱਤੀ ਸੀ।
ਪੁਲਿਸ ਨੇ ਤਫ਼ਤੀਸ਼ ਉਪਰੰਤ ਮਨਰੋ ਉਰਫ਼ ਕ੍ਰਿਸ਼ਨਾ ਪਤਨੀ ਦਰਸ਼ਨ ਸਿੰਘ ਵਾਸੀ ਮੁਰਾਦਪੁਰ ਜਟਾਣਾ ਹਾਲ ਵਾਸੀ ਪੁਆੜਾਂ (ਮੁਕੇਰੀਆਂ), ਚਰਨਜੀਤ ਕੌਰ ਪਤਨੀ ਅਨੂਪ ਸਿੰਘ ਵਾਸੀ ਟਾਂਡਾ ਰਾਮ ਸਹਾਏ (ਮੁਕੇਰੀਆਂ), ਹਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਆਨੰਦ ਭਵਨ ਗਲੀ ਪੁਰਾਣਾ ਬਾਜ਼ਾਰ ਗੁਰਦਾਸਪੁਰ, ਹਿਦਾਇਤਾ ਪਤਨੀ ਫਿਕਾ ਰਾਮ ਵਾਸੀ ਬੁੱਢਾਵੜ ਥਾਣਾ ਹਾਜੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ।
ਥਾਣਾ ਇੰਚਾਰਜ ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਕਿ ਉਕਤ ਔਰਤਾਂ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਔਰਤਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪਤਾ ਲਗਾਇਆ ਜਾਵੇਗਾ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨੂੰ ਹਨੀਟ੍ਰੈਪ ‘ਚ ਫਸਾ ਕੇ ਬਲੈਕਮੇਲ ਕਰ ਚੁੱਕੇ ਹਨ।