ਲੁਧਿਆਣਾ | ਚੋਰੀ ਦੀਆਂ ਵਾਰਦਾਤਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਲੁਧਿਆਣਾ ‘ਚ ਲੋਕਾਂ ਨੇ 2 ਬਾਈਕ ਚੋਰਾਂ ਨੂੰ ਰੰਗੇ ਹੱਥੀਂ ਫੜ ਲਿਆ ਫਿਰ ਦੋਹਾਂ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਤੇ ਚੰਗੀ ਤਰ੍ਹਾਂ ਛਿੱਤਰ-ਪਰੇਡ ਕੀਤੀ। ਇਸ ਦੌਰਾਨ ਚੋਰਾਂ ਨੇ ਮੰਨਿਆ ਕਿ ਉਹ ਮੋਟਰਸਾਈਕਲ ਗੁਰਦੇਵ ਨਗਰ ਤੋਂ ਚੋਰੀ ਕਰਕੇ ਜਗਰਾਓਂ ‘ਚ ਵਿਜੇ ਨਾਂ ਦੇ ਨੌਜਵਾਨ ਨੂੰ ਵੇਚਦੇ ਹਨ। ਫੜੇ ਗਏ ਦੋਵੇਂ ਚੋਰ ਚਿੱਟੇ ਦਾ ਨਸ਼ਾ ਕਰਦੇ ਹਨ। ਚਸ਼ਮਦੀਦਾਂ ਮੁਤਾਬਕ ਚੋਰਾਂ ਵਿਚੋਂ ਇੱਕ ਨੇ ਦੱਸਿਆ ਕਿ ਉਹ ਏਡਜ਼ ਨਾਲ ਪੀੜਤ ਹੈ।
ਵੀਰਵਾਰ ਨੂੰ ਦੋਵੇਂ ਇਲਾਕੇ ਦੀ ਰੇਕੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੋਟਰਸਾਈਕਲ ਨੂੰ ਚਾਬੀ ਲਗਾ ਦਿੱਤੀ। ਇਕ ਪਲ ਵਿਚ ਮੋਟਰਸਾਈਕਲ ਦਾ ਲਾਕ ਖੋਲ੍ਹਿਆ। ਜਿਵੇਂ ਹੀ ਉਸ ਨੇ ਬਾਈਕ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ। ਇਲਾਕੇ ਦੇ ਲੋਕਾਂ ਨੇ ਮੌਕੇ ‘ਤੇ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਦੇ ਸੀਸੀਟੀਵੀ ਵੀ ਚੈੱਕ ਕੀਤੇ। ਦੋਵੇਂ ਪਿਛਲੇ ਦਿਨੀਂ ਵੀ ਬਾਈਕ ਚੋਰੀ ਕਰਦੇ ਨਜ਼ਰ ਆਏ ਸਨ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ।