ਭਿਖੀਵਿੰਡ| ਤਰਨਤਾਰਨ ਜ਼ਿਲ੍ਹੇ ਦੇ ਕਸਬਾ ਭਿਖੀਵਿੰਡ ਵਿਖੇ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਹਦੂਦ ਵਿੱਚ ਬਣੇ ਪਖਾਨੇ ਵਿੱਚ ਇੱਕ ਨੌਜਵਾਨ ਦੇ ਨਸ਼ਾ ਲੈਣ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਰੋਸ ਹੈ।
ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਨਸ਼ੇੜੀਆਂ ਤੋਂ ਤੰਗ ਆ ਚੁੱਕੇ ਹਨ। ਉਹ ਖੁੱਲ੍ਹੇਆਮ ਗੁਰਦੁਆਰੇ ਆ ਕੇ ਟੀਕੇ ਲਗਾਉਂਦੇ ਹਨ ਅਤੇ ਕੰਧਾਂ ‘ਤੇ ਖੂਨ ਦੇ ਨਿਸ਼ਾਨ ਲਗਾ ਜਾਂਦੇ ਹਨ। ਇਹ ਘਟਨਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਹੈ।
ਸੀਸੀਟੀਵੀ ਵਿੱਚ ਨੌਜਵਾਨ ਗੁਰਦੁਆਰੇ ਦੇ ਟਾਇਲਟ ਵਿੱਚ ਜਾਂਦਾ ਅਤੇ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉਕਤ ਨੌਜਵਾਨ ਦੇ ਟਾਇਲਟ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਹੈਰੋਇਨ ਦਾ ਨਸ਼ਾ ਕਰਦਾ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਭਿੱਖੀਵਿੰਡ ਵਿੱਚ ਨੌਜਵਾਨਾਂ ਵਿੱਚ ਨਸ਼ਾ ਲੈਣ ਦੀ ਲਤ ਬਹੁਤ ਜ਼ਿਆਦਾ ਹੈ।
ਨਸ਼ੇ ਕਾਰਨ ਇਲਾਕੇ ਦੀ ਹਾਲਤ ਖਰਾਬ ਹੈ। ਹੁਣ ਨੌਜਵਾਨ ਇਸ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਵੀ ਕਰ ਰਹੇ ਹਨ। ਇੰਨਾ ਹੀ ਨਹੀਂ ਜੇਕਰ ਤੁਸੀਂ ਉਨ੍ਹਾਂ ਨੂੰ ਰੋਕਦੇ ਹੋ ਤਾਂ ਉਹ ਲੜਨ ਲਈ ਅੱਗੇ ਆ ਜਾਂਦੇ ਹਨ। ਨਸ਼ੀਲੇ ਟੀਕੇ ਲਗਾਉਣ ਵਾਲੇ ਬਾਥਰੂਮ ਦੀਆਂ ਕੰਧਾਂ ਅਤੇ ਦਰਵਾਜ਼ਿਆਂ ‘ਤੇ ਖੂਨ ਦੇ ਛਿੱਟੇ ਮਾਰ ਜਾਂਦੇ ਹਨ।