ਸਾਊਦੀ ਅਰਬ| ਮੱਕਾ ਵਿਚ ਇਕ ਹੋਟਲ ਵਿਚ ਅੱਗ ਲੱਗਣ ਕਾਰਨ ਅੱਠ ਪਾਕਿਸਤਾਨੀ ਉਮਰਾਹ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਜੇਦਾਹ ਸਥਿਤ ਪਾਕਿਸਤਾਨ ਵਣਜ ਦੂਤਘਰ ਦੇ ਕੌਂਸਲ ਵੈਲਫੇਅਰ ਸ਼ਿਰਾਜ਼ ਅਲੀ ਖਾਨ ਮੁਤਾਬਕ ਅੱਗ ਦੀ ਘਟਨਾ ਮੱਕਾ ਦੇ ਇਬਰਾਹਿਮ ਖਲੀਲ ਰੋਡ ‘ਤੇ ਇਕ ਹੋਟਲ ‘ਚ ਵਾਪਰੀ।
ਸ਼ਿਰਾਜ਼ ਅਲੀ ਖਾਨ ਨੇ ਦੱਸਿਆ ਕਿ ਸੜਨ ਕਾਰਨ ਲਾਸ਼ਾਂ ਦੀ ਸ਼ਨਾਖਤ ਕਰਨੀ ਮੁਸ਼ਕਲ ਹੈ ਪਰ ਸ਼ਨਾਖਤ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ 4 ਲੋਕਾਂ ਦੀ ਪਛਾਣ ਹੋ ਗਈ ਹੈ। ਜਿਨ੍ਹਾਂ ਵਿਚੋਂ ਦੋ ਵੇਹੜੀ ਅਤੇ ਦੋ ਕਸੂਰ ਦੇ ਰਹਿਣ ਵਾਲੇ ਹਨ। ਬਾਕੀ ਚਾਰ ਵਿਅਕਤੀਆਂ ਦੀ ਪਛਾਣ ਕਰਨ ਦਾ ਕੰਮ ਜਾਰੀ ਹੈ। ਪਛਾਣ ਬਾਰੇ ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕੌਂਸਲ ਵੈਲਫੇਅਰ ਦੇ ਅਨੁਸਾਰ, “ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸ਼ਾਰਟ ਸਰਕਟ ਕਾਰਨ ਹੋਟਲ ਦੀ ਤੀਜੀ ਮੰਜ਼ਿਲ ‘ਤੇ ਇਕ ਕਮਰੇ ਵਿਚ ਅੱਗ ਲੱਗ ਗਈ, ਜਿਸ ਨੇ ਹੋਰ ਕਮਰਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਵਿਚ ਚਾਰ ਕਮਰੇ ਬੁਰੀ ਤਰ੍ਹਾਂ ਨੁਕਸਾਨੇ ਗਏ। ਕੌਂਸਲ ਵੈਲਫੇਅਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਕੋਲਡ ਰੂਮ ਵਿਚ ਰੱਖਿਆ ਗਿਆ ਹੈ। ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਾਸ਼ਾਂ ਨੂੰ ਪਾਕਿਸਤਾਨ ਭੇਜਣ ਜਾਂ ਮੱਕਾ ਵਿੱਚ ਦਫ਼ਨਾਉਣ ਬਾਰੇ ਫੈਸਲਾ ਲਿਆ ਜਾਵੇਗਾ।