ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪ੍ਰੇਮੀ ਵੱਲੋਂ ਵੀਡੀਓ ਦਿਖਾਉਣ ਦੀ ਧਮਕੀ ‘ਤੇ ਔਰਤ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਖੁਦ ਨੂੰ ਅੱਗ ਲਗਾ ਲਈ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਏਕਤਾ ਕਾਲੋਨੀ ਦੇ ਵਾਸੀ ਵਿਸ਼ਾਲ ਵਰਮਾ ਦੀ ਸ਼ਿਕਾਇਤ ‘ਤੇ ਮੱਕੜ ਕਾਲੋਨੀ ਦੇ ਰਹਿਣ ਵਾਲੇ ਨਿਸ਼ਾਨ ਮਸੀਹ ਨੂੰ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਏਕਤਾ ਕਾਲੋਨੀ ਦੀ ਰਹਿਣ ਵਾਲੀ ਔਰਤ ਗੋਲਡੀ (50) ਦੇ ਨਿਸ਼ਾਨ ਮਸ਼ੀਨ ਨਾਲ ਪਿਛਲੇ 8 ਸਾਲ ਤੋਂ ਸਬੰਧ ਸਨ। ਗੋਲਡੀ ਦੇ ਪੁੱਤਰ ਵਿਸ਼ਾਲ ਵਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਮਾਤਾ ਰੋਜ਼ ਵਾਂਗ 25 ਜੁਲਾਈ 2021 ਨੂੰ ਕੰਮ ‘ਤੇ ਗਈ ਪਰ ਘਰ ਵਾਪਸ ਨਹੀਂ ਆਈ। 29 ਅਪ੍ਰੈਲ ਨੂੰ ਗੋਲਡੀ ਨੇ ਵਿਸ਼ਾਲ ਨੂੰ ਫੋਨ ਕਰਕੇ ਦੱਸਿਆ ਕਿ ਨਿਸ਼ਾਨ ਮਸੀਹ ਉਸ ਨੂੰ ਬੇਹੱਦ ਪਰੇਸ਼ਾਨ ਕਰਦਾ ਹੈ। ਨਿਸ਼ਾਨ ਉਸਨੂੰ ਇਹ ਆਖਦਾ ਹੈ ਕਿ ਉਹ ਉਸ ਦੀਆਂ ਵੀਡੀਓ ਉਸ ਦੀ ਨੂੰਹ ਨੂੰ ਦਿਖਾ ਦੇਵੇਗਾ। ਕੁਝ ਦਿਨਾਂ ਬਾਅਦ ਗੋਲਡੀ ਆਪਣੇ ਬੇਟੇ ਵਿਸ਼ਾਲ ਕੋਲ ਆਈ ਅਤੇ ਕਿਹਾ ਕਿ ਨਿਸ਼ਾਨ ਮਸ਼ੀਨ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਉਹ ਵਾਰ-ਵਾਰ ਇਹ ਕਹਿ ਰਹੀ ਸੀ ਕਿ ਨਿਸ਼ਾਨ ਮਸੀਹ ਨੇ ਉਸ ਨੂੰ ਧੋਖਾ ਦਿੱਤਾ ਹੈ। ਔਰਤ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਨਿਸ਼ਾਨ ਦੇ ਘਰ ਦੇ ਸਾਹਮਣੇ ਜਾ ਕੇ ਖੁਦ ਨੂੰ ਅੱਗ ਲਗਾ ਲਈ। ਅੱਗ ਲਗਾਉਣ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰੋਂ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਰਾਮ ਮੂਰਤੀ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।