ਲੁਧਿਆਣਾ | ਇਥੋਂ ਇਕ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ‘ਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਆਏ ਬਜ਼ੁਰਗ ਵਿਅਕਤੀ ਤੇ ਉਸ ਦੀ ਛੋਟੀ ਭੈਣ ਨੂੰ ਠੱਗਾਂ ਨੇ ਸ਼ਿਕਾਰ ਬਣਾ ਲਿਆ। 3 ਨੌਸਰਬਾਜ਼ਾਂ ਨੇ ਚਲਾਕੀ ਨਾਲ ਏਟੀਐੱਮ ਕਾਰਡ ਬਦਲ ਲਿਆ। ਕਝ ਦੇਰ ਬਾਅਦ ਬਜ਼ੁਰਗ ਦੀ ਘਰ ਬੈਠੀ ਵੱਡੀ ਭੈਣ ਦੇ ਮੋਬਾਇਲ ‘ਤੇ ਪੈਸੇ ਕੱਢਣ ਦੇ ਮੈਸੇਜ ਆਉਣ ਲੱਗੇ। ਠੱਗਾਂ ਨੇ 3 ਵਾਰ ਵਿਚ 80 ਹਜ਼ਾਰ ਰੁਪਏ ਕਢਵਾਏ।
ਉਸ ਨੇ ਦੱਸਿਆ ਕਿ ਪੀਐੱਨਬੀ ਏੇਟੀਐੱਮ ਤੋਂ ਉਸ ਨੇ ਕੁੱਲ 20 ਹਜ਼ਾਰ ਰੁਪਏ ਕਢਵਾਉਣੇ ਸਨ। ਅਜੇ ਉਸ ਨੇ 5 ਹਜ਼ਾਰ ਰੁਪਏ ਕਢਵਾਏ ਸਨ। ਇਸ ਦਰਮਿਆਨ ਇਕ ਨੌਜਵਾਨ ਉਸ ਕੋਲ ਆ ਕੇ ਖੜ੍ਹਾ ਹੋ ਗਿਆ। 5 ਹਜ਼ਾਰ ਕਢਵਾਉਣ ਦੇ ਬਾਅਦ ਏਟੀਐੱਮ ਤੋਂ ਰਸੀਦ ਨਹੀਂ ਨਿਕਲ ਰਹੀ ਸੀ। ਇੰਨੇ ਵਿਚ ਉਸ ਨੌਜਵਾਨ ਨੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਕੁਝ ਸੈਕਿੰਡ ਵਿਚ ਉਸ ਨੌਜਵਾਨ ਦੇ 2 ਹੋਰ ਸਾਥੀ ਵੀ ਅੰਦਰ ਆ ਗਏ। ਕੁਝ ਦੇਰ ਵਿਚ ਨੌਸਰਬਾਜ਼ਾਂ ਨੇ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਮੁਲਜ਼ਮਾਂ ਦੀ ਪੂਰੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਬਜ਼ੁਰਗ ਜਵਾਲਾ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੇ ਪੈਸੇ ਕੱਢਣੇ ਸ਼ੁਰੂ ਹੋਏ ਸਨ ਤਾਂ ਉਹ ਤੁਰੰਤ ਬੈਂਕ ਦੇ ਅੰਦਰ ਜਾ ਕੇ ਅਧਿਕਾਰੀਆਂ ਸਾਹਮਣੇ ਕਹਿਣ ਲੱਗਾ ਕਿ ਉਸ ਦੀ ਭੈਣ ਦਾ ਕਾਰਡ ਬਲਾਕ ਕਰ ਦਿਓ ਪਰ ਕਿਸੇ ਬੈਂਕ ਅਧਿਕਾਰੀ ਨੇ ਉਸ ਦੀ ਮਦਦ ਨਹੀਂ ਕੀਤੀ। ਉਸ ਦੀ ਵੱਡੀ ਭੈਣ ਪੈਰਾਲਾਈਜ਼ਡ ਹੈ, ਉਹ ਉਸ ਦੇ ਪੈਸੇ ਕਢਵਾਉਣ ਆਇਆ ਸੀ।
ਉਸ ਨੇ ਬੈਂਕ ਮੁਲਾਜ਼ਮਾਂ ਨੂੰ ਪੂਰੀ ਗੱਲ ਦੱਸੀ ਪਰ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਸ ਦਾ ਖਾਤਾ ਜਾਂ ਏਟੀਐੱਮ ਕਾਰਡ ਹੈ, ਉਹ ਖੁਦ ਕਾਰਡ ਬੰਦ ਕਰਵਾਉਣ ਆਏ। ਜਵਾਲਾ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਵੀਡੀਓ ਕਾਲ ਕਰਕੇ 80 ਹਜ਼ਾਰ ਰੁਪਏ ਕੱਢੇ ਜਾਣ ਤੋਂ ਬਾਅਦ ਰੋਂਦੀ ਵੱਡੀ ਭੈਣ ਬੈਂਕ ਮੁਲਾਜ਼ਮਾਂ ਨੂੰ ਦਿਖਾਈ ਤਾਂ ਉਨ੍ਹਾਂ ਨੇ ਕਾਰਡ ਬਲਾਕ ਕੀਤਾ ਪਰ ਉਦੋਂ ਤੱਕ ਪੈਸੇ ਕੱਢੇ ਜਾ ਚੁੱਕੇ ਸਨ। ਜਵਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੇ ਖਾਤੇ ਵਿਚ ਕੁੱਲ 1 ਲੱਖ 54 ਹਜ਼ਾਰ ਰੁਪਏ ਸਨ, ਜਿਸ ਵਿਚੋਂ 80 ਹਜ਼ਾਰ ਠੱਗਾਂ ਨੇ ਕਢਵਾ ਲਏ। ਬੈਂਕ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਗਾਹਕ ਨੂੰ ਖਾਤੇ ਤੋਂ ਪੈਸੇ ਕੱਢਣ ਦੇ ਬਾਅਦ ਇਸ ਠੱਗੀ ਦਾ ਪਤਾ ਲੱਗਾ ਹੈ। ਜਦੋਂ ਤੱਕ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਉਦੋਂ ਤੱਕ 80 ਹਜ਼ਾਰ ਰੁਪਏ ਕੱਢੇ ਜਾ ਚੁੱਕੇ ਸਨ।