ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਮਾਣਕ ਦੇਕੇ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਹੋਏ ਨੌਜਵਾਨ ਦਾ ਨਾਂ ਰਾਜ ਸਿੰਘ ਪੁੱਤਰ ਬਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਉਮਰ ਮਹਿਜ਼ 18 ਸਾਲ ਸੀ। ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦਾ ਅੰਮ੍ਰਿਤਸਰ ਵਿਖੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਰਾਤ ਨੂੰ ਕਰੀਬ ਪੌਣੇ 9 ਵਜੇ ਵਾਪਰਿਆ ਜਦੋਂ ਦੋਵੇਂ ਨੌਜਵਾਨ ਲਾਗਲੇ ਪਿੰਡ ਤੋਂ ਵਾਪਸ ਘਰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨਜ਼ਦੀਕ ਹੀ ਤੇਲ ਖਤਮ ਹੋਣ ਕਾਰਨ ਇਕ ਟ੍ਰੈਕਟਰ-ਟਰਾਲੀ ਰਸਤੇ ਵਿਚ ਹੀ ਖੜ੍ਹਾ ਸੀ। ਹਨ੍ਹੇਰਾ ਹੋਣ ਕਾਰਨ ਨੌਜਵਾਨਾਂ ਦਾ ਮੋਟਰਸਾਈਕਲ ਰਸਤੇ ਵਿਚ ਖੜ੍ਹੀ ਟਰਾਲੀ ਨਾਲ ਟਕਰਾਅ ਗਿਆ।
ਇਸ ਭਿਆਨਕ ਟੱਕਰ ਵਿਚ ਇੰਦਰਜੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।