ਅਬੋਹਰ ‘ਚ ਸਹੁਰਿਆਂ ਨੇ ਗਰਭਵਤੀ ਨੂੰਹ ਨੂੰ ਕੁੱਟਿਆ, ਪਤੀ ਦੇ ਨਾਜਾਇਜ਼ ਸਬੰਧਾਂ ਦਾ ਕੀਤਾ ਸੀ ਵਿਰੋਧ

0
1943

ਅਬੋਹਰ | ਘਰੇਲੂ ਝਗੜੇ ਕਾਰਨ ਗਰਭਵਤੀ ਔਰਤ ਨੂੰ ਸਹੁਰਿਆਂ ਨੇ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ। ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤਾ ਨੇ ਆਪਣੇ ਪਤੀ ‘ਤੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ।

ਪਿੰਡ ਪੱਤੀ ਸਾਦਿਕ ਦੀ ਵਸਨੀਕ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 3 ਸਾਲ ਪਹਿਲਾਂ ਗੁਰੂਹਰਸਹਾਏ ਵਾਸੀ ਪ੍ਰਿੰਸ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਹੁਣ ਉਹ ਪਿਛਲੇ ਕੁਝ ਮਹੀਨਿਆਂ ਤੋਂ ਗਰਭਵਤੀ ਹੈ।
ਅਮਨਦੀਪ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਕਤ ਔਰਤ ਨੂੰ ਘਰ ‘ਚ ਵਸਾਉਣਾ ਚਾਹੁੰਦੇ ਸਨ। ਇਸ ਦਾ ਉਹ ਵਿਰੋਧ ਕਰਦੀ ਸੀ।

ਇਸ ਕਾਰਨ ਬੀਤੀ ਰਾਤ ਉਸ ਦੇ ਪਤੀ, ਭਰਜਾਈ ਅਤੇ ਸੱਸ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਦੀ ਸੂਚਨਾ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ‘ਤੇ ਉਸ ਦੀ ਮਾਤਾ ਵੀਰਪਾਲ ਅਤੇ ਭਰਾ ਕੁਲਦੀਪ ਉਸ ਨੂੰ ਇਥੇ ਲੈ ਕੇ ਆਏ ਅਤੇ ਹਸਪਤਾਲ ‘ਚ ਦਾਖ਼ਲ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।