ਮੁਕਤਸਰ : ਗੈਸ ਲੀਕੇਜ ਨਾਲ ਫਟਿਆ ਸਿਲੰਡਰ, ਘਰ ਦੀ ਉੱਡੀ ਛੱਤ, ਗੁਆਂਢੀਆਂ ਦੇ ਮਕਾਨ ‘ਚ ਵੀ ਆਈਆਂ ਤਰੇੜਾਂ

0
2139

ਸ੍ਰੀ ਮੁਕਤਸਰ ਸਾਹਿਬ | ਇਥੋਂ ਦੇ ਪਿੰਡ ਗੋਨਿਆਣਾ ‘ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਇਕ ਘਰ ‘ਚ ਸਿਲੰਡਰ ਬਲਾਸਟ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ, ਜਿਸ ਕਮਰੇ ਵਿਚ ਖਾਣਾ ਤਿਆਰ ਕੀਤਾ ਜਾ ਰਿਹਾ ਸੀ, ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਗੁਆਂਢੀ ਦੇ ਘਰ ਵਿਚ ਵੀ ਤਰੇੜਾਂ ਆ ਗਈਆਂ।

ਮਜ਼ਦੂਰ ਸਤਪਾਲ ਪੁੱਤਰ ਮਹਿੰਗਾ ਰਾਮ ਵਾਸੀ ਪਿੰਡ ਗੋਨਿਆਣਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਲੜਕੇ ਨਾਲ ਘਰ ‘ਚ ਗੈਸ ਸਿਲੰਡਰ ‘ਤੇ ਖਾਣਾ ਬਣਾ ਰਿਹਾ ਸੀ। ਅਚਾਨਕ ਸਿਲੰਡਰ ਲੀਕ ਹੋਣ ਲੱਗਾ ਤੇ ਕੁਝ ਹੀ ਪਲਾਂ ਵਿਚ ਫਟ ਗਿਆ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਧਮਾਕੇ ਕਾਰਨ ਘਰ ਦੀ ਛੱਤ ਦੇ ਪਰਖੱਚੇ ਉੱਡ ਗਏ।

ਦੱਸ ਦਈਏ ਕਿ ਘਟਨਾ ਮੁਕਤਸਰ ਦੇ ਪਿੰਡ ਗੋਨਿਆਣਾ ਦੀ ਹੈ। ਧਮਾਕੇ ਨਾਲ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ ਪਰਿਵਾਰ ਇਸ ਧਮਾਕੇ ‘ਚ ਵਾਲ-ਵਾਲ ਬਚ ਗਿਆ। ਦੂਜੇ ਪਾਸੇ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚ ਗਈ। ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਸਤਪਾਲ ਨੇ ਦੱਸਿਆ ਕਿ ਉਸ ਨੇ ਘਰੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਘਰ ਵਿੱਚ ਸਿਰਫ਼ ਪਿਓ-ਪੁੱਤ ਮੌਜੂਦ ਸਨ। ਅੱਗ ਲੱਗਣ ਕਾਰਨ ਉਸ ਦੇ ਘਰ ਦਾ ਸਾਰਾ ਸਾਮਾਨ ਸੜ ਗਿਆ।