ਬਠਿੰਡਾ | ਇਥੋਂ ਲੁੱਟ-ਖੋਹ ਦੀ ਨਵੀਂ ਘਟਨਾ ਸਾਹਮਣੇ ਆਈ ਹੈ। 2 ਅਣਪਛਾਤੇ ਵਿਅਕਤੀਆਂ ਨੇ ਟਰੱਕ ਡਰਾਈਵਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮੁਲਜ਼ਮ ਡਰਾਈਵਰ ਦਾ ਪਰਸ ਖੋਹ ਕੇ ਫਰਾਰ ਹੋ ਗਏ। ਜਦੋਂਕਿ ਮੁਲਜ਼ਮਾਂ ਨੇ ਪੀੜਤ ਦਾ ਮੋਬਾਇਲ ਤੋੜ ਦਿੱਤਾ। ਰਿਸ਼ਤੇਦਾਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਜਿਥੇ ਪੁਲਿਸ ਨੇ ਉਸ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ। ਬੀਤੀ ਰਾਤ ਉਹ ਘਰ ਜਾ ਰਿਹਾ ਸੀ। ਉਸ ਦੀ ਗਲੀ ਮਾਡਲ ਟਾਊਨ ਦੇ ਨੁੱਕਰ ‘ਤੇ 2 ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਦੇ ਹੱਥ ‘ਚ ਉਸ ਨੇ ਹਥਿਆਰ ਦੇਖੇ ਤਾਂ ਮੁਲਜ਼ਮਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਲੁੱਟ ਦੀ ਨੀਅਤ ਨਾਲ ਉਸ ‘ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਜੋ ਉਸ ਦੇ ਹੱਥ ‘ਚ ਵੱਜਾ। ਮੁਲਜ਼ਮਾਂ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਪਰਸ ਖੋਹ ਲਿਆ। ਇਸ ਦੇ ਨਾਲ ਹੀ ਉਸ ਦਾ ਮੋਬਾਇਲ ਤੋੜ ਕੇ ਭੱਜ ਗਏ।







































