ਜਲੰਧਰ | ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਕਿਹਾ ਕਿ ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਗਈ ਹੈ ਤੇ ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਸਮਾਜ ਭਲਾਈ ਲਾਭ ਵੀ ਲੋਕਾਂ ਨੂੰ ਦੇਣ ਤੋਂ ਇਨਕਾਰੀ ਹੈ।
ਇਥੇ ਛਾਉਣੀ ਵਿਧਾਨ ਸਭਾ ਹਲਕੇ ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਭਾਵੇਂ ਉਹ ਔਰਤਾਂ ਹੋਣ, ਨੌਜਵਾਨ, ਕਮਜ਼ੋਰ ਵਰਗ, ਕਿਸਾਨ, ਸਰਕਾਰੀ ਮੁਲਾਜ਼ਮ ਜਾਂ ਫਿਰ ਵਪਾਰੀ ਜਾਂ ਉਦਯੋਗਪਤੀ, ਹਰੇਕ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਜ਼ਮੀਨੀ ਪੱਧਰ ’ਤੇ ਕੱਖ ਨਹੀਂ ਕੀਤਾ।
ਡਾ. ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਤਾਂ ਔਰਤਾਂ ਕੋਲੋਂ ਵੋਟਾਂ ਮੰਗਣ ਦਾ ਹੱਕ ਵੀ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਅਨੁਸਾਰ ਹਰ ਬਾਲਗ ਔਰਤ ਦਾ ਸਾਲ ਦਾ 12 ਹਜ਼ਾਰ ਰੁਪਏ ਬਕਾਇਆ ਬਣਦਾ ਹੈ ਜੋ ਸਰਕਾਰ ਨੂੰ 10 ਮਈ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ ਵਿਚ ਪਾਉਣਾ ਚਾਹੀਦਾ ਹੈ ਫਿਰ ਹੀ ਇਹ ਵੋਟਾਂ ਮੰਗ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਮੂਰਖ ਬਣਾਇਆ ਕਿ ਉਹ ਨੌਕਰੀਆਂ ਦੇਵੇਗੀ ਜਦੋਂਕਿ ਉਸਨੇ ਸਿਰਫ ਮ੍ਰਿਤਕਾਂ ਦੇ ਆਸ਼ਰਿਤ ਬੱਚਿਆਂ ਨੂੰ ਹੀ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਭਰਤੀ ਨਹੀਂ ਕੀਤੀ ਗਈ। ਨਾ ਹੀ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਰੈਗੂਲਰ ਕੀਤੇ ਗਏ ਹਨ।
ਡਾ. ਸੁੱਖੀ ਨੇ ਕਿਹਾ ਕਿ ਕਮਜ਼ੋਰ ਵਰਗਾਂ ਨਾਲ ਵੀ ਆਪ ਸਰਕਾਰ ਨੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮਜ਼ੋਰ ਵਰਗਾਂ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਪਹਿਲਾਂ ਹੀ 200 ਯੂਨਿਟ ਬਿਜਲੀ ਮੁਫਤ ਮਿਲ ਰਹੀ ਸੀ ਤੇ ਹੁਣ ਆਪ ਸਰਕਾਰ ਨੇ ਯੂਨਿਟ ਦੀ ਗਿਣਤੀ ਵਧਾ ਕੇ 300 ਤਾਂ ਕਰ ਦਿੱਤੀ ਹੈ ਪਰ ਅਜਿਹਾ ਕਰਦਿਆਂ ਅਨੁਸੂਚਿਤ ਜਾਤੀਆਂ ਤੇ ਕਮਜ਼ੋਰ ਵਰਗਾਂ ਨੂੰ ਮਿਲਦੇ ਹੋਰ ਸਮਾਜ ਭਲਾਈ ਲਾਭ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਜਿਸ ਰਾਹੀਂ ਕਮਜ਼ੋਰ ਵਰਗ ਮੁਫਤ ਰਾਸ਼ਨ ਹਾਸਲ ਕਰਦੇ ਸਨ, ਵਿਚ ਵੱਡੀ ਕਟੌਤੀ ਕੀਤੀ ਗਈ ਹੈ। ਪਿਛਲੇ ਇਕ ਸਾਲ ਤੋਂ ਬੁਢਾਪਾ ਪੈਨਸ਼ਨ ਦਾ ਇਕ ਵੀ ਕਾਰਡ ਨਵਾਂ ਨਹੀਂ ਬਣਾਇਆ ਗਿਆ, ਨਾ ਹੀ ਐਸ.ਸੀ. ਵਰਗ ਨੂੰ ਪਿਛਲੇ ਇਕ ਸਾਲ ਤੋਂ ਕੋਈ ਸ਼ਗਨ ਦੀ ਰਾਸ਼ੀ ਮਿਲੀ ਹੈ। ਆਟਾ-ਦਾਲ ਸਕੀਮ ਵਿਚ ਵੀ ਕਟੌਤੀ ਕੀਤੀ ਗਈ ਹੈ।
ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਤਾਂ ਸਰਕਾਰ ਭੱਜੀ ਹੈ ਬਲਕਿ ਇਹ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਵੀ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਬਦ ਤੋਂ ਬਦਤਰ ਹੋ ਗਏ ਹਨ ਕਿ ਆਮ ਆਦਮੀ ਵੀ ਦਹਿਸ਼ਤ ਦੇ ਮਾਹੌਲ ਵਿਚ ਜੀਅ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦਾ ਅਸਰ ਸੂਬੇ ਵਿਚ ਨਿਵੇਸ਼ ਦੇ ਮਾਹੌਲ ’ਤੇ ਪਿਆ ਹੈ ਤੇ ਕੋਈ ਵੀ ਨਵਾਂ ਨਿਵੇਸ਼ ਨਹੀਂ ਆ ਰਿਹਾ ਤੇ ਘਰੇਲੂ ਉਦਮੀ ਵੀ ਸੂਬਾ ਛੱਡ ਕੇ ਜਾ ਰਹੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੇ ਆਪ ਦੋਵਾਂ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ ਸਪੱਸ਼ਟ ਸੁਨੇਹਾ ਦੇਣ ਕਿ ਜਿਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ, ਉਨ੍ਹਾਂ ਨੂੰ ਜਨਤਕ ਜੀਵਨ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਨਛੱਤਰ ਪਾਲ, ਪਰਮਬੰਸ ਸਿੰਘ ਰੋਮਾਣਾ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਹਾਜ਼ਰ ਸਨ।