ਅਬੋਹਰ ‘ਚ ਵਿਆਹੁਤਾ ਨੇ ਦਿੱਤੀ ਜਾਨ, ਮਾਪਿਆਂ ਨੇ ਲਗਾਏ ਸਹੁਰਿਆਂ ‘ਤੇ ਗੰਭੀਰ ਇਲਜ਼ਾਮ

0
1601

ਅਬੋਹਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਨਿਹਾਲਖੇੜਾ ਦੀ ਧੀ ਅਤੇ ਪਿੰਡ ਡੰਗਰਖੇੜਾ ਦੀ ਨੂੰਹ ਨੇ ਅੱਜ ਮੌਤ ਨੂੰ ਗਲੇ ਲਗਾ ਲਿਆ । ਪੁਲਿਸ ਨੇ ਮ੍ਰਿਤਕਾ ਨੇੜਿਓਂ ਇਕ ਲੈਟਰ ਵੀ ਬਰਾਮਦ ਕੀਤਾ ਹੈ, ਜੋ ਉਸ ਨੇ ਲਿਖਿਆ ਹੋਇਆ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ ‘ਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਅਤੇ ਲੈਟਰ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਹਨ।

ਵਿਜੇ ਡੱਬਵਾਲੀ ਵਿੱਚ ਜਿਓ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ ਇੱਕ ਵਾਰ ਹੀ ਘਰ ਆਉਂਦਾ ਹੈ। ਸੰਜੇ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਭੈਣ ਨੂੰ ਉਸ ਦੇ ਘਰ ਮਿਲਣ ਆਇਆ ਤਾਂ ਉਸ ਦਾ ਜੀਜਾ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨਾਲ ਗੱਲ ਵੀ ਨਹੀਂ ਕੀਤੀ।

ਜਾਣਕਾਰੀ ਅਨੁਸਾਰ ਕਰੀਬ 27 ਸਾਲ ਦੀ ਮਮਤਾ ਪੁੱਤਰੀ ਰਾਮ ਪ੍ਰਤਾਪ ਵਾਸੀ ਨਿਹਾਲਖੇੜਾ ਦੇ ਭਰਾ ਸੰਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਡੰਗਰਖੇੜਾ ਵਾਸੀ ਵਿਜੇ ਕੁਮਾਰ ਪੁੱਤਰ ਸੋਹਣ ਲਾਲ (ਸੇਵਾਮੁਕਤ ਪਟਵਾਰੀ) ਨਾਲ ਹੋਇਆ ਸੀ।

ਸੰਜੇ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਭੈਣ ਨੇ ਜਾਨ ਦੇ ਦਿੱਤੀ ਹੈ। ਜਦੋਂ ਉਹ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਭੈਣ ਘਰ ‘ਚ ਮ੍ਰਿਤਕ ਪਈ ਸੀ। ਮਰਨ ਤੋਂ ਪਹਿਲਾਂ, ਭੈਣ ਨੇ ਕਾਗਜ਼ ਦੇ ਟੁਕੜੇ ‘ਤੇ ਆਪਣੇ ਸਹੁਰਿਆਂ ਦੁਆਰਾ ਤਸੀਹੇ ਦਿੱਤੇ ਜਾਣ ਦੀ ਕਹਾਣੀ ਲਿਖੀ, ਪਿੰਡ ਦੇ ਇੱਕ ਪੰਚਾਇਤ ਮੈਂਬਰ ਨੇ ਉਕਤ ਨੋਟ ਨਾਲ ਛੇੜਛਾੜ ਕੀਤੀ। ਸੰਜੇ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਭੈਣ ਦੇ ਪਤੀ ਸਮੇਤ ਉਸ ਦੀ ਸੱਸ, ਸਹੁਰਾ ਅਤੇ ਪੰਚਾਇਤ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਲੜਕੀ ਨੇ ਜਾਨ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨੋਟ ‘ਚ ਖੁਲਾਸਾ ਹੋਇਆ ਹੈ ਕਿ ਲੜਕੀ ਇਕੱਲੀ ਮਹਿਸੂਸ ਕਰ ਰਹੀ ਸੀ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਜਦੋਂ ਮ੍ਰਿਤਕਾ ਦੀ ਸੱਸ ਪਿੰਡ ਕੁਝ ਸਾਮਾਨ ਲੈਣ ਗਈ ਤਾਂ ਉਸ ਨੇ ਜਾਨ ਦੇ ਦਿੱਤੀ। ਮ੍ਰਿਤਕ ਦੇ ਮਾਪਿਆਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।