ਅਮਰੀਕਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਇਕ ਫਿਊਲ ਸਟੇਸ਼ਨ ‘ਤੇ ਹੋਈ ਗੋਲੀਬਾਰੀ ਵਿਚ ਆਂਧਰਾ ਪ੍ਰਦੇਸ਼ ਦੇ 24 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਉੱਥੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇਕ ਫਿਊਲ ਸਟੇਸ਼ਨ ਵਿਚ ਪਾਰਟ-ਟਾਈਮ ਨੌਕਰੀ ਕਰਦਾ ਸੀ। ਅਮਰੀਕਾ ਦੇ ਓਹਾਯੋ ਸੂਬੇ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ । ਅਮਰੀਕੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਏਸ਼ ਵੀਰਾ ਵਜੋਂ ਹੋਈ ਹੈ ਅਤੇ ਇਹ ਘਟਨਾ ਵੀਰਵਾਰ ਨੂੰ ਸੂਬੇ ਦੇ ਕੋਲੰਬਸ ਮੰਡਲ ਵਿਚ ਵਾਪਰੀ।
ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ 20 ਅਪ੍ਰੈਲ, 2023 ਨੂੰ ਦੇਰ ਰਾਤ 12.50 ਵਜੇ ਕੋਲੰਬਸ ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਡਬਲਯੂ. ਬ੍ਰਾਡ ਸਟੇਸ਼ਨ ਨੂੰ ਭੇਜਿਆ ਗਿਆ । ਉੱਥੇ ਪਹੁੰਚ ਕੇ ਅਧਿਕਾਰੀਆਂ ਨੇ ਸਾਏਸ਼ ਨੂੰ ਜ਼ਖ਼ਮੀ ਹਾਲਤ ਵਿਚ ਪਾਇਆ, ਉਸ ਨੂੰ ਗੋਲੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਵੀਰਾ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।