ਲੁਧਿਆਣਾ : ਲਾਚਾਰ ਪਿਓ ਦਾ ਕੇਸ ਲੜ ਰਿਹਾ ਵਕੀਲ ਬਣਿਆ ਹੈਵਾਨ, ਪੀੜਤ ਦੀ ਨਾਬਾਲਗ ਧੀ ਨਾਲ ਕਈ ਵਾਰ ਕੀਤਾ ਬਲਾਤਕਾਰ

0
459

ਲੁਧਿਆਣਾ| ਲੁਧਿਆਣਾ ਵਿਚ ਇਕ ਵਕੀਲ ਨੇ ਕੇਸ ਲੜਨ ਦੇ ਬਹਾਨੇ ਇਕ ਵਿਅਕਤੀ ਦੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ, ਦੋਸ਼ੀ ਨੇ ਪਹਿਲਾਂ ਨਾਬਾਲਾਗ ਨੂੰ ਆਪਣੇ ਨਾਲ ਨੌਕਰੀ ਉਤੇ ਰੱਖਿਆ ਤੇ ਫਿਰ ਮਦਦ ਦਾ ਬਹਾਨਾ ਬਣਾ ਕੇ ਲੜਕੀ ਨੂੰ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਬੰਧਕ ਬਣਾ ਲਿਆ। ਜਦੋਂ ਪੀੜਤ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਥਾਣਾ ਸਾਹਨੇਵਾਲ ਦੀ ਪੁਲਿਸ ਨੇ ਨਾਬਾਲਗ ਦੇ ਪਿਤਾ ਦੀ ਸ਼ਿਕਾਇਤ ਉਤੇ ਐਡਵੋਕੇਟ ਰਜਿੰਦਰ ਸਿੰਘ ਉਰਫ ਗੋਰਾ ਵਾਸੀ ਗਰੀਨ ਐਵੇਨਿਊ ਪੱਖੋਵਾਲ ਰੋਡ ਖਿਲ਼ਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸਦੇ ਘਰੋਂ ਨਾਬਾਲਗ ਨੂੰ ਛੁਡਵਾਇਆ।
ਨਾਬਾਲਗ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਲਗਭਗ 3 ਸਾਲ ਪਹਿਲਾਂ ਉਸਦਾ ਐਕਸੀਡੈਂਟ ਹੋਇਆ ਸੀ। ਹਾਦਸੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸਦਾ ਕਲੇਮ ਸਬੰਧੀ ਕੇਸ ਚੱਲ ਰਿਹਾ ਸੀ ਤੇ ਮੁਲਜ਼ਮ ਰਜਿੰਦਰ ਸਿੰਘ ਕੇਸ ਦੀ ਪੈਰਵਾਈ ਕਰ ਰਿਹਾ ਸੀ। ਜਦੋਂ ਉਹ ਵਕੀਲ ਨਹੀਂ ਕਰ ਸਕਿਆ ਤਾਂ ਉਸਨੇ ਆਪਣੀ ਨਾਬਾਲਗ ਧੀ ਨੂੰ ਮੁਲਜ਼ਮ ਕੋਲ ਭੇਜ ਦਿੱਤਾ।
ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਨੇ ਉਸਦੀ ਨਾਬਾਲਗ ਧੀ ਨੂੰ ਬੰਧਕ ਬਣਾ ਕੇ ਉਸ ਨਾਲ ਕਈ ਵਾਰ ਰੇਪ ਕੀਤਾ। ਪੁਲਿਸ ਨੇ ਮੁਲਜ਼ਮ ਰਜਿੰਦਰ ਗੋਰਾ ਨੂੰ ਗ੍ਰਿਫਤਾਰ ਕਰਕੇ ਨਾਬਾਲਗ ਨੂੰ ਬਰਾਮਦ ਕਰ ਲਿਆ ਹੈ। ਥਾਣਾ ਸਾਹਨੇਵਾਲ ਦੇ ਐਸਐਚਓ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।