ਹੁਸ਼ਿਆਰਪੁਰ/ਦਸੂਹਾ| ਘਰ ਵਾਲੀਆਂ ਦੀ ਬੇਵਫਾਈ ਤੋਂ ਤੰਗ ਆ ਕੇ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਨਿੱਤ ਦਿਨ ਆਈਆਂ ਰਹਿੰਦੀਆਂ ਹਨ। ਪਰ ਤਾਜ਼ਾ ਮਾਮਲਾ ਕਾਫੀ ਹੈਰਾਨ ਕਰਨ ਵਾਲਾ ਹੈ। ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਮੀਆਂ ਦੇ ਨੌਜਵਾਨ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ।
ਪਿੰਡ ਮੀਆਂ ਦਾ 25 ਸਾਲਾ ਨੌਜਵਾਨ ਅਮਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਨੇ ਹਸਪਤਾਲ ਵਿਚ ਮੋਬਾਇਲ ਫੋਨ ’ਤੇ ਵੀਡੀਓ ਬਣਾ ਕੇ ਆਪਣੇ ਬਿਆਨਾਂ ਵਿਚ ਪਤਨੀ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ। ਅਮਰਜੀਤ ਨੇ ਕਿਹਾ ਕਿ ਉਸ ਦੀ ਪਤਨੀ ਨੇ ਪਹਿਲਾਂ ਤਾਂ ਆਪਣੇ ਆਪ ਨੂੰ ਇਕ ਐੱਨ. ਆਰ. ਆਈ. ਦੱਸਿਆ ਸੀ ਜਦਕਿ ਉਸ ਨੇ ਦੋ ਵਿਆਹ ਪਹਿਲਾਂ ਵੀ ਕਰਵਾਏ ਸਨ ਅਤੇ ਪੈਸੇ ਲੈ ਕੇ ਤਲਾਕ ਲੈ ਲੈਂਦੀ ਸੀ। ਇਸ ਦੀ ਜਾਣਕਾਰੀ ਅਮਰਜੀਤ ਸਿੰਘ ਨੂੰ ਵਿਆਹ ਤੋਂ ਬਾਅਦ ਮਿਲ਼ੀ।
ਮ੍ਰਿਤਕ ਦੀ ਮਾਂ ਅਤੇ ਪਿਉ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤ ਤਾਂ ਉਦੋਂ ਹੋ ਗਈ ਜਦੋਂ ਸਾਡੀ ਨੂੰਹ ਦਸੂਹਾ ਦੇ ਇਕ ਕਲੀਨਿਕ ਤੋਂ ਪ੍ਰੈਗਨੈਂਸੀ ਦੀ ਝੂਠੀ ਰਿਪੋਰਟ ਬਣਵਾ ਕੇ ਲੈ ਆਈ ਅਤੇ ਅਮਰਜੀਤ ਸਿੰਘ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਇਸ ’ਤੇ ਅਮਰਜੀਤ ਸਿੰਘ ਦੇ ਹੋਸ਼ ਉੱਡ ਗਏ ਕਿਉਂਕਿ ਪਿਛਲੇ ਇਕ ਸਾਲ ਤੋਂ ਅਮਰਜੀਤ ਸਿੰਘ ਆਪਣੀ ਪਤਨੀ ਨਾਲ ਰਿਲੇਸ਼ਨ ਵਿਚ ਹੀ ਨਹੀਂ ਸੀ। ਉਨ੍ਹਾਂ ਹੋਰ ਦੱਸਿਆ ਕਿ ਮੇਰਾ ਲੜਕਾ ਇਹ ਬੇਇਜ਼ਤੀ ਸਹਾਰ ਨਹੀਂ ਸਕਿਆ ਅਤੇ ਪਤਨੀ ਵਲੋਂ ਵਾਰ-ਵਾਰ ਬਲੈਕਮੇਲ ਕਰਨ ਤੋਂ ਤੰਗ ਆ ਕੇ ਉਸ ਨੇ ਜ਼ਹਿਰ ਨਿਗਲ਼ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।