ਬਟਾਲਾ/ਗੁਰਦਾਸਪੁਰ | ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲ਼ੀਆਂ ਮਾਰਨ ਵਾਲਾ ਏਐਸਆਈ ਭੂਪਿੰਦਰ ਸਿੰਘ ਬਟਾਲਾ ਦੇ ਇਕ ਪਿੰਡ ਵਿਖੇ ਲੁਕਿਆ ਹੋਇਆ ਹੈ। ਗੁਰਦਾਸਪੁਰ ਅਤੇ ਬਟਾਲਾ ਦੀ ਪੁਲਿਸ ਵੱਲੋਂ ਉਸ ਨੂੰ ਫੜਨ ਲਈ ਨਜ਼ਦੀਕੀ ਪਿੰਡ ਪੰਜਖਡਲ ਨਵਾਂ ਪਿੰਡ ਵਿਖੇ ਘੇਰਾਬੰਦੀ ਕੀਤੀ ਹੋਈ ਹੈ। ਏਐਸਆਈ ਇਕ ਕੋਠੀ ਵਿਚ ਲੁਕਿਆ ਹੋਇਆ ਹੈ ਅਤੇ ਉਸੇ ਕੋਠੀ ਦੇ ਆਲੇ-ਦੁਆਲੇ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ।
ਦੱਸ ਦਈਏ ਕਿ ਗੁਰਦਾਸਪੁਰ ਦੇ ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਇਕ ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਪਤਨੀ ਤੇ ਨੌਜਵਾਨ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਲਾਜ਼ਮ ਇਕ ਅਧਿਕਾਰੀ ਦੀ ਸੁਰੱਖਿਆ ‘ਚ ਅੰਮ੍ਰਿਤਸਰ ਵਿੱਚ ਤਾਇਨਾਤ ਦੱਸਿਆ ਜਾਂਦਾ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ।
ਮੰਗਲਵਾਰ ਸਵੇਰੇ ਕਰੀਬ 9.30 ਵਜੇ ਉਸ ਨੇ ਆਪਣੀ ਪਤਨੀ ਅਤੇ ਨੌਜਵਾਨ ਪੁੱਤਰ ਦੀ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧੀ ਥਾਣਾ ਤਿੱਬੜ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਸ ਨੇ ਆਪਣੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ।