ਲੁਧਿਆਣਾ | ਇਥੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਕ ਨੌਜਵਾਨ ਆਪਣੇ ਦੋਸਤ ਦੀ ਥਾਂ ‘ਤੇ ਦਸਵੀਂ ਦਾ ਪੰਜਾਬੀ-ਏ ਦਾ ਪੇਪਰ ਦੇਣ ਪਹੁੰਚਿਆ ਪਰ ਚੈਕਿੰਗ ਦੌਰਾਨ ਉਸ ਦੀ ਪੋਲ ਖੁੱਲ੍ਹ ਗਈ। ਮੌਕੇ ’ਤੇ ਸੁਪਰਡੈਂਟ ਨੇ ਪੁਲਿਸ ਨੂੰ ਬੁਲਾ ਲਿਆ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਉਹ 24 ਮਾਰਚ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹੋ ਰਹੇ ਪੰਜਾਬੀ-ਏ ਦੇ ਪੇਪਰ ਵਿਚ ਬਤੌਰ ਸੁਪਰਡੈਂਟ ਤਾਇਨਾਤ ਸਨ। ਚੈਕਿੰਗ ਦੌਰਾਨ ਪਤਾ ਲੱਗਾ ਕਿ ਰੋਲ ਨੰਬਰ 1023 847 753 ਸੁਖਰਾਜ ਸਿੰਘ ਦੀ ਥਾਂ ਅਭਿਸ਼ੇਕ ਗਿਰੀ ਉਸ ਦਾ ਪੇਪਰ ਦੇ ਰਿਹਾ ਸੀ। ਅਜਿਹਾ ਕਰਕੇ ਉਸ ਨੇ ਧੋਖਾਧੜੀ ਕੀਤੀ ਹੈ।
ਹੁਣ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਗਿਰੀ, ਸ਼ਿਮਲਾਪੁਰੀ ਭਾਰਤ ਕੰਡਾ ਨੇੜੇ ਗਲੀ ਨੰਬਰ 3 ਦਾ ਰਹਿਣ ਵਾਲਾ ਹੈ। ਜਦਕਿ ਉਸਦੇ ਦੋਸਤ ਸੁਖਰਾਜ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਨੇ ਸੁਪਰਡੈਂਟ ਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।