ਬਰਨਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਰਾਏਸਰ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ ਵਿਚ ਕਿਡਨੀਆਂ ਫੇਲ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਡਿੰਪਲ ਪੁੱਤਰ ਸਰਬਜੀਤ ਸਿੰਘ ਵਾਸੀ ਰਾਏਸਰ ਢਾਈ ਸਾਲ ਪਹਿਲਾਂ ਓਪਨ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ। ਕੁਝ ਦਿਨ ਪਹਿਲਾਂ ਗੁਰਪ੍ਰੀਤ ਨੂੰ ਅਚਾਨਕ ਦਰਦ ਹੋਣ ਲੱਗਾ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿਥੇ 3 ਦਿਨ ਇਲਾਜ ਚੱਲਿਆ ਅਤੇ ਚੌਥੇ ਦਿਨ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਸਹੀ ਨਹੀਂ ਹੈ ਕਿ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਖਰਚਾ ਝੱਲ ਸਕੇ। ਪਿੰਡ ਵਾਲਿਆਂ ਨੇ ਦੱਸਿਆ ਕਿ ਪਰਿਵਾਰ ਨੇ ਜ਼ਮੀਨ-ਜਾਇਦਾਦ ਵੇਚ ਕੇ ਗੁਰਪ੍ਰੀਤ ਨੂੰ ਕੈਨੇਡਾ ਭੇਜਿਆ ਸੀ। ਇਸ ਮੌਕੇ ਆਗੂਆਂ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ।