ਆਪ ਸਰਕਾਰ ਨੇ ਬਜਟ 2023-24 ’ਚ ਅੰਕੜਿਆਂ ਦਾ ਹੇਰ-ਫੇਰ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ, ਅਸਲ ‘ਚ ਸੂਬਾ ਆਰਥਿਕ ਬਰਬਾਦੀ ਦੇ ਰਾਹ ਪੈ ਗਿਐ – ਸੁਖਬੀਰ ਬਾਦਲ

0
544

ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ 2023-24 ਦੇ ਬਜਟ ਵਿਚ ਅੰਕੜਿਆਂ ਦਾ ਹੇਰ ਫੇਰ ਕਰ ਕੇ ਲੁਭਾਉਣੀ ਤਸਵੀਰ ਵਿਖਾ ਕੇ ਪੰਜਾਬੀਆਂ ਨਾਲ ਇਕ ਵਾਰ ਫਿਰ ਤੋਂ ਧੋਖਾ ਕੀਤਾ ਹੈ ਜਦੋਂਕਿ ਅਸਲੀਅਤ ਵਿਚ ਪੰਜਾਬ ਆਰਥਿਕ ਬਰਬਾਦੀ ਦੇ ਰਾਹ ਪੈ ਗਿਆ ਹੈ ਕਿਉਂਕਿ ਕਰਜ਼ਾ ਵੱਧ ਰਿਹਾ ਹੈ ਤੇ ਸਾਰੇ ਪੈਮਾਨਿਆਂ ’ਤੇ ਸਾਡੀ ਕਾਰਗੁਜ਼ਾਰੀ ਬਹੁਤ ਮਾੜੀ ਹੈ।

ਅੱਜ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮਾਲੀਏ ਵਿਚ ਵਾਧੇ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੰਕੜਿਆਂ ਦਾ ਹੇਰ ਫੇਰ ਕਰ ਕੇ ਪੰਜਾਬੀਆਂ ਤੋਂ ਸੱਚਾਈ ਛੁਪਾਈ ਗਈ ਹੈ।ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਹੋਰ ਵੱਧ ਕੇ 3.47 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਜੀਐਸਡੀਪੀ ਦਾ 46.81 ਫੀਸਦੀ ਬਣਦਾ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਮਾਲੀਆ ਅੰਕੜਿਆਂ ਨੂੰ ਵੀ ਬੇਨਕਾਬ ਕੀਤਾ ਅਤੇ ਦੱਸਿਆ ਕਿ ਵਿੱਤੀ ਘਾਟਾ
34784 ਕਰੋੜ ਰੁਪਏ ਦੰਸਿਆ ਗਿਆ ਹੈ ਜਿਸਦਾ ਮਤਲਬ ਹੈ ਕਿ ਵੱਖ-ਵੱਖ ਵਿਭਾਗਾਂ ਲਈ ਨਾਂ ਮਾਤਰ ਪੈਸਾ ਰੱਖਿਆ ਗਿਆ ਹੈ ਤੇ ਸਕੀਮਾਂ ਲਈ ਪੈਸਾ ਜਾਰੀ ਨਹੀਂ ਹੋਣ ਵਾਲਾ।ਉਹਨਾਂ ਕਿਹਾ ਕਿ ਮਾਲੀਆ ਘਾਟਾ 12,553 ਕਰੋੜ ਰੁਪਏ ਤੋਂ ਵੱਧ ਕੇ 24588 ਕਰੋੜ ਰੁਪਏ ਹੋ ਗਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ 2023-24 ਮੁੱਖ ਮੰਤਰੀ ਭਗਵੰਤ ਮਾਨ ਦੀ ਬੁਰੀ ਤਰ੍ਹਾਂ ਪ੍ਰਸ਼ਾਸਨਿਕ ਨਾਕਾਮੀ ਦਾ ਝਲਕਾਰਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਤੋਂ ਕੀਤੇ ਵਾਅਦਿਆਂ ਤੋਂ ਵੀ ਭੱਜ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਦੂਜਾ ਬਜਟ ਪੇਸ਼ ਕੀਤਾ ਹੈ ਪਰ ਹਾਲੇ ਤੱਕ ਇਸਨੇ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ ਨਿਭਾਇਆ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਸਕੀਮ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ ਗਿਆ ਜਦੋਂ ਕਿ ਸਕੀਮ ਮੁੜ ਸ਼ੁਰੂ ਕਰਨ ਦਾ ਜ਼ੋਰ ਸ਼ੋਰ ਨਾਲ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਬਿਜਲੀ ਉਤਪਾਦਨ ਸਮੇਤ ਬੁਨਿਆਦੀ ਢਾਂਚੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਰੇਤ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਤੋਂ 35 ਹਜ਼ਾਰ ਕਰੋੜ ਰੁਪਏ ਇਕੱਤਰ ਕਰਨ ਵਿਚ ਨਾਕਾਮ ਕਿਉਂ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਰੇਤ ਮਾਇਨਿੰਗ ਤੋਂ ਸਿਰਫ 135 ਕਰੋੜ ਰੁਪਏ ਇਕੱਠੇ ਕੀਤੇ ਹਨ ਜਿਸ ਤੋਂ ਸਪਸ਼ਟ ਸੰਕੇਤ ਹੈ ਕਿ ਰੇਤ ਮਾਫੀਆ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨਾਲ ਧੋਖਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਪਿਛਲੇ ਸਾਲ ਮਿਥੇ ਟੀਚੇ ਵਿਚੋਂ ਕਿੰਨਾ ਪੂਰਾ ਹੋਇਆਹੈ।  ਉਹਨਾਂ ਕਿਹਾ ਕਿ ਆਮ ਅਨੁਮਾਨ ਹੈ ਕਿ ਆਪ ਸਰਕਾਰ ਨੇ ਆਪਣੇ ਟੀਚੇ ਦਾ 65 ਫੀਸਦੀ ਹੀਪੂਰਾ  ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਇਸ ’ਬੇਈਮਾਨ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਮਾਪਣ ਦਾ ਸਹੀ ਪੈਮਾਨਾ ਹੈ।