ਹਾਈਵੇ ਤੇ ਐਕਸਪ੍ਰੈੱਸ ‘ਤੇ ਸਫਰ ਹੋਵੇਗਾ ਮਹਿੰਗਾ! 1 ਅਪ੍ਰੈਲ ਤੋਂ ਟੋਲ ਟੈਕਸ ਵਧਾਉਣ ਦੀ ਤਿਆਰੀ ‘ਚ NHAI

0
793

ਨਵੀਂ ਦਿੱਲੀ| ਭਾਰਤ ‘ਚ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸਵੇਅ ਤੋਂ ਲੰਘਣਾ ਹੁਣ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਟੋਲ ਟੈਕਸ ਵਧਾਉਣ ਦੀ ਤਿਆਰੀ ਕਰ ਰਹੀ ਹੈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ ਅਤੇ ਐਕਸਪ੍ਰੈੱਸ ਵੇਅ ‘ਤੇ ਤੁਹਾਡਾ ਸਫਰ ਥੋੜ੍ਹਾ ਮਹਿੰਗਾ ਹੋ ਸਕਦਾ ਹੈ। ਟੋਲ ਟੈਕਸ ‘ਚ 5-10 ਫੀਸਦੀ ਦਾ ਵਾਧਾ ਹੋਵੇਗਾ। ਇਹ ਟੈਰਿਫ ਸੋਧ ਰਾਸ਼ਟਰੀ ਰਾਜਮਾਰਗ ਫੀਸ (ਦਰਾਂ ਅਤੇ ਉਗਰਾਹੀ ਦਾ ਨਿਰਧਾਰਨ) ਨਿਯਮ, 2008 ਦੇ ਅਨੁਸਾਰ ਹਰ ਸਾਲ ਹੋਣਾ ਚਾਹੀਦਾ ਹੈ।

ਰਿਪੋਰਟ ਮੁਤਾਬਕ ਸੋਧੀਆਂ ਟੋਲ ਦਰਾਂ ਦਾ ਪ੍ਰਸਤਾਵ 25 ਮਾਰਚ ਤੱਕ NHAI ਦੀਆਂ ਸਾਰੀਆਂ ਪ੍ਰਾਜੈਕਟ ਲਾਗੂ ਕਰਨ ਵਾਲੀਆਂ ਇਕਾਈਆਂ (PIUs) ਨੂੰ ਭੇਜਿਆ ਜਾਵੇਗਾ। ਨਵੀਂਆਂ ਦਰਾਂ ਸੜਕ ਅਤੇ ਆਵਾਜਾਈ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਕਾਰਾਂ ਅਤੇ ਹਲਕੇ ਵਾਹਨਾਂ ‘ਤੇ ਪ੍ਰਤੀ ਯਾਤਰਾ 5 ਫੀਸਦੀ ਵਾਧੂ ਵਸੂਲੇ ਜਾਣਗੇ ਅਤੇ ਭਾਰੀ ਵਾਹਨਾਂ ਲਈ ਟੋਲ ਟੈਕਸ ਨੂੰ ਵਧਾ ਕੇ 10 ਫੀਸਦੀ ਕੀਤਾ ਜਾ ਸਕਦਾ ਹੈ।

2022 ਵਿੱਚ ਟੋਲ ਟੈਕਸ ਦੀ ਰੇਂਜ 10 ਤੋਂ ਵਧਾ ਕੇ 15 ਪ੍ਰਤੀਸ਼ਤ ਕੀਤੀ ਗਈ ਸੀ, ਜਿਸ ਨਾਲ ਰਾਸ਼ਟਰੀ ਰਾਜਮਾਰਗਾਂ ‘ਤੇ ਚੱਲਣ ਵਾਲੇ ਹਰ ਕਿਸਮ ਦੇ ਵਾਹਨਾਂ ਲਈ ਟੈਰਿਫ ਦੀਆਂ ਕੀਮਤਾਂ ਵਿੱਚ 10 ਰੁਪਏ ਅਤੇ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਫਿਲਹਾਲ ਐਕਸਪ੍ਰੈਸ ਵੇਅ ‘ਤੇ 2.19 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਟੋਲ ਟੈਕਸ ਵਸੂਲਿਆ ਜਾ ਰਿਹਾ ਹੈ। 135 ਕਿਲੋਮੀਟਰ ਲੰਬੇ ਛੇ ਮਾਰਗੀ ‘ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ’ ਅਤੇ ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਵੀ ਟੋਲ ਦਰਾਂ ਵਿੱਚ ਵਾਧਾ ਹੋਵੇਗਾ।