ਪਟਿਆਲਾ : ਅਮਰੀਕਾ ਭੇਜਣ ਦੇ ਬਹਾਨੇ ਨੌਜਵਾਨ ਨੂੰ ਇੰਡੋਨੇਸ਼ੀਆ ‘ਚ ਬਣਾਇਆ ਬੰਧਕ, ਧਮਕੀ ਦੇ ਕੇ ਠੱਗੇ 40 ਲੱਖ

0
1813

ਪਟਿਆਲਾ| ਪਿੰਡ ਮਾਜਰੀ ਅਕਾਲੀਆਂ ਦੇ ਇੱਕ ਨੌਜਵਾਨ ਨੂੰ ਇੰਡੋਨੇਸ਼ੀਆ ਵਿੱਚ ਟਰੈਵਲ ਏਜੰਟਾਂ ਵੱਲੋਂ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਹੀ ਨਹੀਂ ਟਰੈਵਲ ਏਜੰਟਾਂ ਨੇ ਵਿਅਕਤੀ ‘ਤੋਂ 40 ਲੱਖ ਰੁਪਏ ਵੀ ਠੱਗ ਲਏ ਹਨ। ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਹਰਿਆਣਾ ਦੇ ਇੱਕ ਟਰੈਵਲ ਏਜੰਟ ਸਮੇਤ ਤਿੰਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਅਮਨਦੀਪ ਸਿੰਘ ਵਾਸੀ ਪਿੰਡ ਮਾਜਰੀ ਅਕਾਲੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਮੁਲਜ਼ਮ ਮੁਨੀਸ਼ ਕੁਮਾਰ ਵਾਸੀ ਦਸਮੇਸ਼ ਨਗਰ ਰਾਜਪੁਰਾ, ਪਰਮਜੀਤ ਸਿੰਘ ਵਾਸੀ ਭਬੋਲ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਅਤੇ ਸੁਖਵਿੰਦਰ ਸਿੰਘ ਵਾਸੀ ਰਾਜਪੁਰਾ ਨਾਲ 40 ਲੱਖ ਵਿੱਚ ਅਮਰੀਕਾ ਭੇਜਣ ਦਾ ਸੌਦਾ ਹੋਇਆ ਸੀ। ਉਸ ਨੇ ਅਮਰੀਕਾ ਆਉਣ ‘ਤੇ ਸਾਰਾ ਪੈਸਾ ਟਰੈਵਲ ਏਜੰਟਾਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ।

ਟਰੈਵਲ ਏਜੰਟਾਂ ਨੇ ਨੌਜਵਾਨ ਨੂੰ ਕਿਹਾ ਕਿ ਉਸ ਨੂੰ ਅਮਰੀਕਾ ਜਾਣ ਲਈ ਇੰਡੋਨੇਸ਼ੀਆ ਤੋਂ ਹੋ ਕੇ ਜਾਣਾ ਪਵੇਗਾ। ਬਾਅਦ ਵਿੱਚ ਮੁਲਜ਼ਮਾਂ ਨੇ ਨੌਜਵਾਨ ਦੇ ਸਾਰੇ ਦਸਤਾਵੇਜ਼ ਲੈ ਲਏ ਅਤੇ ਉਸ ਨੂੰ ਇੰਡੋਨੇਸ਼ੀਆ ਵਿੱਚ ਹੀ ਬੰਧਕ ਬਣਾ ਲਿਆ। ਨੌਜਵਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਪੰਜਾਬ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਦੱਸਣ ਲਈ ਮਜਬੂਰ ਕੀਤਾ ਕਿ ਉਹ ਅਮਰੀਕਾ ਪਹੁੰਚ ਗਿਆ ਹੈ। ਇੰਝ ਮੁਲਜ਼ਮਾਂ ਨੇ ਧੋਖੇ ਨਾਲ 40 ਲੱਖ ਰੁਪਏ ਲੈ ਲਏ।