ਗੁੱਸੇ ‘ਚ ਆਈ ਮਾਂ ਨੇ 4 ਸਾਲਾ ਪੁੱਤ ਨੂੰ ਚਾਕੂਆਂ ਨਾਲ ਵਿੰਨ੍ਹ ਕੇ ਬੇਰਹਿਮੀ ਨਾਲ ਮਾਰਿਆ, ਬਾਅਦ ‘ਚ ਖੁਦ ਨੂੰ ਵੀ ਮਾਰੇ ਚਾਕੂ

0
552

ਉਤਰ ਪ੍ਰਦੇਸ਼| ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਵਿਚ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਤੇ ਪਰਿਵਾਰ ਦਾ ਗੁੱਸਾ ਆਪਣੇ ਚਾਰ ਸਾਲ ਦੇ ਬੇਟੇ ਉਤੇ ਕੱਢਿਆ। ਗੁੱਸੇ ਵਿਚ ਆ ਕੇ ਉਸਨੇ ਚਾਕੂ ਨਾਲ ਬੇਟੇ ਦੀ ਹੱਤਿਆ ਕਰ ਦਿੱਤੀ। ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਜਿਲ੍ਹੇ ਦੇ ਅਹਿਰੋਲੀ ਬਾਜਾਰ ਥਾਣਾ ਖੇਤਰ ਅਧੀਨ ਪੈਂਦੇ ਇਕ ਪਿੰਡ ਵਿਚ ਵਾਪਰੀ ਹੈ। ਬੱਚੇ ਨੂੰ ਮਾਰਨ ਤੋਂ ਬਾਅਦ ਮਾਂ ਨੇ ਆਪਣੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਹਾਲਤ  ਠੀਕ ਦੱਸੀ ਜਾ ਰਹੀ ਹੈ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਕੁਸ਼ੀਨਗਰ ਜਿਲ੍ਹੇ ਦੇ ਅਹਿਰੌਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਿੰਦੂਰੀਆ ਵਿਸ਼ੁਨਪੁਰ ਵਿਚ ਵੀਰਵਾਰ ਨੂੰ ਔਰਤ ਆਰਤੀ ਨੇ ਆਪਣੇ ਹੀ ਚਾਰ ਸਾਲ ਦੇ ਬੇਟੇ ਕੇਸ਼ਵ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸਤੋਂ ਬਾਅਦ ਉਸਨੇ ਚਾਕੂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹਸਪਤਾਲ ਵਿਚ ਸਮੇਂ ਸਿਰ ਇਲਾਜ ਹੋਣ ਕਾਰਨ ਉਸਦੀ ਜਾਨ ਬਚ ਗਈ।

ਔਰਤ ਦਾ ਪਤੀ ਅਜੀਤ ਯਾਦਵ ਆਪਣੇ ਮਾਤਾ-ਪਿਤਾ ਨਾਲ ਦਿੱਲੀ ਵਿਚ ਕੰਮ ਕਰਦਾ ਹੈ। ਆਰਤੀ ਆਪਣੇ ਬੇਟੇ ਕੇਸ਼ਵ ਨਾਲ ਪਿੰਡ ਵਿਚ ਆਪਣੀ ਭਰਜਾਈ ਨਾਲ ਰਹਿੰਦੀ ਸੀ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਆਰਤੀ ਨੇ ਆਪਣੇ ਕਮਰੇ ਦਾ ਦਰਵਾਜਾ ਬੰਦ  ਕਰ ਦਿੱਤਾ ਸੀ। ਜਦੋਂ ਤੱਕ ਕੇਸ਼ਵ ਦੀ ਆਵਾਜ਼ ਸੁਣ ਕੇ ਉਸਦੇ ਰਿਸ਼ਤੇਦਾਰ ਪਹੁੰਚੇ, ਉਦੋਂ ਤੱਕ ਉਹ ਆਪਣੇ ਬੇਟੇ ਨੂੰ ਮਾਰ ਚੁੱਕੀ ਸੀ। ਸੂਚਨਾ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਸੂਚਨਾ ਮਿਲਦੇ ਹੀ ਕੁਸ਼ੀਨਗਰ ਦੇ ਐੱਸਪੀ ਧਵਲ ਜੈਸਵਾਲ ਮੌਕੇ ਉਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਐੱਸ ਨੇ ਦੱਸਿਆ ਕਿ ਔਰਤ ਵਲੋਂ ਆਪਣੇ ਬੇਟੇ ਨੂੰ ਚਾਕੂਆਂ ਨਾਲ ਮਾਰ ਦਿੱਤੇ ਜਾਣ ਦੀ ਸੂਚਨਾ ਮਿਲੀ ਸੀ। ਦੋਸ਼ੀ ਮਾਂ ਨੇ ਆਪਣੇ ਆਪ ਉਤੇ ਵੀ ਚਾਕੂਆਂ ਨਾਲ ਵਾਰ ਕੀਤੇ ਹਨ, ਜਿਸ ਤੋਂ ਬਾਅਦ ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚੀ ਤੇ ਉਸਨੂੰ ਹਸਪਤਾਲ ਪਹੁੰਚਾਇਆ। ਮਾਂ ਖਤਰੇ ਤੋਂ ਬਾਹਰ ਹੈ ਤੇ ਪੁੱਤਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਮਹਿਲਾ ਗੁੱਸੇਖੋਰ ਸੁਭਾਅ ਵਾਲੀ ਹੈ ਤੇ ਉਸਨੇ ਆਪਣੇ ਪਤੀ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।