ਉਤਰਾਖੰਡ| ਭਾਰਤ ਵਿੱਚ ਵਿਆਹ ‘ਤੇ ਫੁੱਫੜ ਦੇ ਰੁੱਸਣ ਦਾ ਚਲਣ ਤਾਂ ਹੁਣ ਆਮ ਜਿਹੀ ਗੱਲ ਹੈ, ਪਰ ਇੱਥੇ ਮਾਮਲਾ ਥੋੜ੍ਹਾ ਉਲਟ ਹੈ। ਵਿਆਹ ਇੱਕ ਅਜਿਹਾ ਮੌਕਾ ਮੰਨਿਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇੱਕ ਥਾਂ ਇਕੱਠੇ ਹੁੰਦੇ ਹਨ। ਜਦੋਂ ਕਿਸੇ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਬਾਰਾਤ ਕੱਢਣ ਦੀ ਉਡੀਕ ਕੀਤੀ ਜਾਂਦੀ ਹੈ। ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਬਾਰਾਤ ਆਉਣ ਦੀ ਉਡੀਕ ਹੁੰਦੀ ਹੈ। ਵਿਆਹ ਦੀਆਂ ਰੌਣਕਾਂ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਹੀ ਬਣਦੀਆਂ ਹਨ। ਅਜਿਹਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋਸਤਾਂ ਨੇ ਲਾੜੇ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ।
ਹਰਿਦੁਆਰ ‘ਚ ਹੋ ਰਹੇ ਇੱਕ ਵਿਆਹ ‘ਚ ਲਾੜਾ ਆਪਣੇ ਦੋਸਤ ਤੋਂ ਬਿਨਾਂ ਹੀ ਬਾਰਾਤ ਲੈ ਕੇ ਚਲਾ ਗਿਆ ਤਾਂ ਦੋਸਤ ਨੇ ਉਸ ‘ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਇੱਕ ਮਸ਼ਹੂਰ ਅਖਬਾਰ ਦੀ ਰਿਪੋਰਟ ਮੁਤਾਬਕ ਲਾੜੇ ਦੇ ਦੋਸਤ ਨੇ ਮੁਕੱਦਮਾ ਕਰਕੇ ਇਸ ਰਕਮ ਦੀ ਮੰਗ ਕੀਤੀ ਹੈ।
ਚੰਦਰਸ਼ੇਖਰ ਨਾਮ ਦੇ ਸ਼ਖਸ ਨੇ ਉਤਰਾਖੰਡ ਦੇ ਹਰਿਦੁਆਰ ਵਿੱਚ ਰਹਿਣ ਵਾਲੇ ਰਵੀ ਨਾਮਕ ਵਿਅਕਤੀ ਦੇ ਵਿਆਹ ਵਿੱਚ ਸ਼ਾਮਿਲ ਹੋਣਾ ਸੀ। ਕਾਰਡ ‘ਚ ਦੱਸੇ ਗਏ ਸਮੇਂ ਮੁਤਾਬਕ ਚੰਦਰਸ਼ੇਖਰ ਸ਼ਾਮ ਨੂੰ 5 ਵਜੇ ਉੱਥੇ ਪਹੁੰਚ ਗਿਆ। ਪਹੁੰਚ ਕੇ ਪਤਾ ਲੱਗਾ ਕਿ ਬਾਰਾਤ ਨਿਕਲ ਚੁੱਕੀ ਸੀ। ਜਿਸ ਤੋਂ ਬਾਅਦ ਉਸਦੇ ਦੋਸਤ ਨੂੰ ਬਹੁਤ ਗੁੱਸਾ ਆਇਆ ਅਤੇ ਸਾਰੇ ਦੋਸਤ ਵਾਪਸ ਚਲੇ ਗਏ। ਪਰ ਲਾੜੇ ਦੇ ਦੋਸਤਾਂ ਨੇ ਲਾੜੇ ‘ਤੇ ਮਾਣਹਾਨੀ ਦਾ ਕੇਸ ਦਰਜ ਕਰਾ ਦਿੱਤਾ।
ਦਰਅਸਲ, ਦੋਸਤ ਬਹੁਤ ਨਾਰਾਜ਼ ਸਨ ਕਿਉਂਕਿ ਬਰਾਤ ਨਿਰਧਾਰਤ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਜਦੋਂ ਲਾੜੇ ਦੇ ਦੋਸਤਾਂ ਨੇ ਲਾੜੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਵਾਪਸ ਜਾਣ ਲਈ ਕਿਹਾ। ਲਾੜੇ ਦੇ ਵਤੀਰੇ ਤੋਂ ਦੁਖੀ ਹੋ ਕੇ ਇੱਕ ਦੋਸਤ ਨੇ ਐਡਵੋਕੇਟ ਅਰੁਣ ਭਦੌਰੀਆ ਰਾਹੀਂ ਲਾੜੇ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ਅੰਦਰ ਮੁਆਫ਼ੀ ਮੰਗਣ ਅਤੇ 50 ਲੱਖ ਰੁਪਏ ਮੁਆਵਜ਼ੇ ਵਜੋਂ ਮੰਗਿਆ। ਅਜਿਹਾ ਨਾ ਕਰਨ ’ਤੇ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।