ਫਰੀਦਕੋਟ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁਲਾਜ਼ਮ ਹਰਪਵਨ ਸਿੰਘ (32) ਪਿੰਡ ਕੋਟਸੁਖੀਆ ਦਾ ਰਹਿਣ ਵਾਲਾ ਸੀ, ਜਿਸ ਦੀ ਪਿੰਡ ਜੀਦਾ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ।
ਮ੍ਰਿਤਕ ਫ਼ਰੀਦਕੋਟ ਦੇ ਇਕ ਡੀਐੱਸਪੀ ਦਾ ਗੰਨਮੈਨ ਸੀ। ਦੱਸਿਆ ਜਾ ਰਿਹਾ ਹੈ ਕਿ ਹਰਪਵਨ ਸਿੰਘ ਇਕ ਬੱਚੇ ਦਾ ਪਿਤਾ ਸੀ ਤੇ 11 ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਮ੍ਰਿਤਕ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਸੇਵਾਵਾਂ ਨਿਭਾਅ ਰਿਹਾ ਸੀ। ਵੇਰਵਿਆਂ ਅਨੁਸਾਰ ਮ੍ਰਿਤਕ ਕਾਰ ‘ਤੇ ਸਵਾਰ ਹੋ ਕੇ ਬਠਿੰਡੇ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੀ ਕਿਸੇ ਟਰਾਲੇ ਨਾਲ ਟੱਕਰ ਹੋ ਗਈ, ਇਸ ਹਾਦਸੇ ‘ਚ ਉਸਦੀ ਮੌਤ ਹੋ ਗਈ, ਜਿਸ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ।