ਮੋਟਰਸਾਈਕਲ-ਰੇਹੜਾ ਚਾਲਕ ਬਜ਼ੁਰਗ ਨੂੰ ਤੇਜ਼ ਰਫਤਾਰ ਪਿਕਅਪ ਨੇ ਟੱਕਰ ਮਾਰ ਕੇ ਲਈ ਜਾਨ, ਮੰਡੀ ਸਬਜ਼ੀ ਲੈਣ ਜਾਂਦੇ ਵਾਪਰਿਆ ਹਾਦਸਾ

0
1219

ਮੋਗਾ | ਤੇਜ਼ ਰਫਤਾਰ ਪਿਕਅੱਪ ਨੇ ਟੱਕਰ ਮਾਰ ਕੇ ਬਜ਼ੁਰਗ ਦੀ ਜਾਨ ਲੈ ਲਈ ਜਦਕਿ ਇਸ ਦੌਰਾਨ 1 ਵਿਅਕਤੀ ਜ਼ਖਮੀ ਹੋ ਗਿਆ। ਚਾਲਕ ਮੌਕੇ ‘ਤੇ ਪਿਕਅੱਪ ਛੱਡ ਕੇ ਫਰਾਰ ਹੋ ਗਿਆ। ਪਿੰਡ ਰਣਸਿੰਘ ਕਲਾਂ ਦੇ ਵਸਨੀਕ ਰਣਜੋਧ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਪਿਤਾ ਸੁਖਜੀਤ ਸਿੰਘ (65) ਵੀਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ-ਰੇਹੜਾ ’ਤੇ ਮੰਡੀ ’ਚੋਂ ਸਬਜ਼ੀ ਖਰੀਦਣ ਗਿਆ ਸੀ ਕਿ ਮੋਗਾ-ਕੋਟਕਪੂਰਾ ਮੁੱਖ ਮਾਰਗ ’ਤੇ ਪਿਕਅੱਪ ਨੇ ਟੱਕਰ ਮਾਰ ਦਿੱਤੀ।

ਪੁਲਿਸ ਨੇ ਪਿਕਅੱਪ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਰਣਜੋਧ ਅਨੁਸਾਰ ਪਿਕਅੱਪ ਦੀ ਟੱਕਰ ਕਾਰਨ ਉਸ ਦੇ ਪਿਤਾ ਸੁਖਜੀਤ ਸਿੰਘ ਦਾ ਮੋਟਰਸਾਈਕਲ-ਰੇਹੜਾ ਅੱਗੇ ਜਾ ਰਹੀ ਇਕ ਹੋਰ ਕਾਰ ਨਾਲ ਟਕਰਾ ਗਿਆ। ਹਾਦਸੇ ਵਿਚ ਉਸ ਦੇ ਪਿਤਾ ਦੀ ਜਾਨ ਚਲੀ ਗਈ, ਜਦੋਂਕਿ ਦੂਜੇ ਰੇਹੜੇ ’ਤੇ ਬੈਠਾ ਜਗਸੀਰ ਸਿੰਘ ਜ਼ਖ਼ਮੀ ਹੋ ਗਿਆ।

ਸਿਟੀ ਸਾਊਥ ਪੁਲਿਸ ਸਟੇਸ਼ਨ ਦੇ ਏ.ਐੱਸ.ਆਈ ਬੂਟਾ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਿਕਅੱਪ ਅਤੇ ਮੋਟਰਸਾਈਕਲ ਰੇਹੜੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਦੇ ਬਿਆਨਾਂ ’ਤੇ ਪਿਕਅੱਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਸੁਖਜੀਤ ਸਿੰਘ ਦੀ ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ।