ਲੁਧਿਆਣਾ : ਸਸਪੈਂਡ ਪੁਲਿਸ ਮੁਲਾਜ਼ਮ ਫਿਰ ਨਹੀਂ ਆਇਆ ਕਰਤੂਤਾਂ ਤੋਂ ਬਾਜ਼, STF ਅਧਿਕਾਰੀ ਬਣ ਕੇ ਨੌਜਵਾਨ ‘ਤੇ ਚਿੱਟੇ ਦੇ ਕੇਸ ਦਾ ਡਰਾਵਾ ਪਾ ਠੱਗੇ 30 ਹਜ਼ਾਰ

0
585

ਲੁਧਿਆਣਾ | ਪੁਲਿਸ ਲਾਈਨ ਵਿਚ ਤਾਇਨਾਤ ਸਸਪੈਂਡ ਮੁਲਾਜ਼ਮ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਠੱਗਿਆ। ਮੁਲਜ਼ਮ ਇੰਦਰਜੀਤ ਸਿੰਘ ਨੇ ਖੁਦ ਨੂੰ ਐਸਟੀਐਫ ਦਾ ਮੁਲਾਜ਼ਮ ਦੱਸ ਕੇ ਧਰੁਵ ਕੁਮਾਰ ਨੂੰ ਚੁੱਕ ਲਿਆ ਅਤੇ ਆਖਿਆ ਕਿ ਜੇਕਰ ਚਿੱਟੇ ਦੇ ਕੇਸ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਰਕਮ ਦੇ ਦੇਵੇ । ਡਰਦੇ ਮਾਰੇ ਧਰੁਵ ਨੇ ਇੰਦਰਜੀਤ ਅਤੇ ਉਸ ਦੇ ਸਾਥੀਆਂ ਨੂੰ 30 ਹਜ਼ਾਰ ਰੁਪਏ ਦੇ ਦਿੱਤੇ।

ਇਸ ਮਾਮਲੇ ਵਿਚ ਪੁਲਿਸ ਨੇ ਬਾਲ ਸਿੰਘ ਨਗਰ ਦੇ ਵਾਸੀ ਧਰੁਵ ਦੀ ਸ਼ਿਕਾਇਤ ‘ਤੇ ਪੁਲਿਸ ਕੁਆਰਟਰ ਜਮਾਲਪੁਰ ਦੇ ਵਾਸੀ ਇੰਦਰਜੀਤ ਸਿੰਘ, ਗੁਰੂ ਮਾਰਕੀਟ ਸਮਰਾਲਾ ਚੌਕ ਦੇ ਰਹਿਣ ਵਾਲੇ ਜਤਿਨ ਸ਼ਰਮਾ, ਨਿਊ ਵਿਜੈ ਨਗਰ ਦੇ ਵਾਸੀ ਰਣਜੀਤ ਕੁਮਾਰ ਅਤੇ ਰਵੀ ਕੁਮਾਰ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਨੌਜਵਾਨ ਘਰ ਪਰਤ ਆਇਆ ਅਤੇ ਕੁਝ ਸਮੇਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤ ‘ਤੇ ਪੁਲਿਸ ਲਾਈਨ ਵਿਚ ਤਾਇਨਾਤ ਇੰਦਰਜੀਤ ਸਿੰਘ ਸਮੇਤ 4 ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਤਫ਼ਤੀਸ਼ੀ ਅਫ਼ਸਰ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਸਾਢੇ ਚਾਰ ਵਜੇ ਧਰੁਵ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਦੋਂ ਬਾਲ ਸਿੰਘ ਨਗਰ ਗਲੀ ਨੰ. 9 ਕੋਲ ਪਹੁੰਚਿਆ ਤਾਂ ਖੁਦ ਨੂੰ ਐਸਟੀਐਫ ਦਾ ਮੁਲਾਜ਼ਮ ਦੱਸਣ ਵਾਲੇ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਤੇ ਡਰਾਵਾ ਦਿਤਾ ਕਿ ਉਹ ਚਿੱਟੇ ਦੀ ਤਸਕਰੀ ਕਰਦਾ ਹੈ। ਤਲਾਸ਼ੀ ਲੈਣ ਦੇ ਬਹਾਨੇ ਉਹ ਨੌਜਵਾਨ ਨੂੰ ਤਾਜਪੁਰ ਰੋਡ ਵਾਲੇ ਪਾਸੇ ਲੈ ਗਏ। ਜਿਥੇ ਉਨ੍ਹਾਂ ਨੇ ਨੌਜਵਾਨ ਨੂੰ ਧਮਕਾਇਆ ਕਿ ਜੇਕਰ ਚਿੱਟਾ ਦੇ ਕੇਸ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਪੈਸੇ ਦੇ ਦੇਵੇ। ਮਾਂ ਦੀਆਂ ਵਾਲੀਆਂ ਦੀ ਬਕਾਇਆ ਰਕਮ 30 ਹਜ਼ਾਰ ਰੁਪਏ ਉਸ ਨੇ ਮੁਲਜ਼ਮਾਂ ਦੇ ਹਵਾਲੇ ਕਰ ਦਿੱਤੀ।