ਲੁਧਿਆਣਾ | ਇਥੋਂ ਸ਼ਰਸਮਾਰ ਘਟਨਾ ਸਾਹਮਣੇ ਆਈ ਹੈ। 27 ਸਾਲਾ ਨੌਜਵਾਨ ਨੇ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਖਿਡਾਉਣ ਦੇ ਬਹਾਨੇ ਲੜਕੀ ਨੂੰ ਵੀਰਾਨ ਥਾਂ ‘ਤੇ ਲੈ ਗਿਆ ਜਿੱਥੇ ਉਸ ਨੇ ਜਬਰ-ਜ਼ਨਾਹ ਕੀਤਾ ਅਤੇ ਰੋਂਦੀ ਹੋਈ ਮਾਸੂਮ ਨੂੰ ਛੱਡ ਕੇ ਫਰਾਰ ਹੋ ਗਿਆ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ਉਪਰ ਬਿਹਾਰ ਦੇ ਰਹਿਣ ਵਾਲੇ ਮੁਲਜ਼ਮ ਰਾਜਾ ਰਾਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਲੜਕੀ ਦੇ ਇਕ ਰਿਸ਼ਤੇਦਾਰ ਨੇ ਉਸ ਦੇ ਕੱਪੜੇ ‘ਤੇ ਖ਼ੂਨ ਦੇਖਿਆ । ਰਾਜਾ ਰਾਮ ਨੂੰ ਬੱਚੀ ਨੂੰ ਚੁੱਕ ਕੇ ਲਿਜਾਂਦੇ ਵੀ ਦੇਖਿਆ ਸੀ। ਲੜਕੀ ਦੀ ਵਿਗੜੀ ਹਾਲਤ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ। ਇਸ ਮਾਮਲੇ ਵਿਚ ਪਰਿਵਾਰ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ।
ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਆਪਣੇ ਪੂਰੇ ਪਰਿਵਾਰ ਸਮੇਤ ਥਾਣਾ ਸਰਾਭਾ ਨਗਰ ਦੇ ਇਲਾਕੇ ਅੰਦਰ ਆਉਂਦੇ ਇਕ ਵਿਹੜੇ ਵਿਚ ਰਹਿ ਰਿਹਾ ਹੈ। ਕੁਝ ਦਿਨ ਪਹਿਲਾਂ ਮੁਲਜ਼ਮ ਰਾਜਾ ਰਾਮ ਦੀ ਪਤਨੀ ਪਿੰਡ ਚਲੀ ਗਈ। ਮਾੜੀ ਮਾਨਸਿਕਤਾ ਵਾਲੇ ਰਾਜਾ ਰਾਮ ਨੇ ਦੁਪਹਿਰ ਵੇਲੇ ਵਿਹੜੇ ਵਿਚ ਖੇਡ ਰਹੀ ਮਾਸੂਮ ਬੱਚੀ ਨੂੰ ਚੁੱਕ ਲਿਆ ਅਤੇ ਖਿਡਾਉਣ ਦੇ ਬਹਾਨੇ ਵਿਹੜੇ ‘ਚੋਂ ਬਾਹਰ ਲੈ ਗਿਆ। ਵੀਰਾਨ ਥਾਂ ‘ਤੇ ਲਿਜਾ ਕੇ ਮੁਲਜ਼ਮ ਨੇ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ।