ਕਬਾੜ ਦੀ ਪਲਾਸਟਿਕ ਤੋਂ ਬਣੀ ਹੈ ਮੋਦੀ ਦੀ ਇਹ ਖਾਸ ਜੈਕੇਟ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

0
486

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦੇਣਗੇ। ਸੰਭਾਵਨਾ ਹੈ ਕਿ ਲੋਕ ਸਭਾ ‘ਚ ਉਨ੍ਹਾਂ ਦਾ ਸੰਬੋਧਨ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਉਹ ਵਿਸ਼ੇਸ਼ ਨੀਲੇ ਰੰਗ ਦੀ ਜੈਕੇਟ ਵਿੱਚ ਸੰਸਦ ਵਿੱਚ ਨਜ਼ਰ ਆਏ। ਪ੍ਰਧਾਨ ਮੰਤਰੀ ਦੀ ਇਹ ਜੈਕਟ ਕੱਪੜੇ ਦੀ ਨਹੀਂ ਸਗੋਂ ਪਲਾਸਟਿਕ ਦੀਆਂ ਬੋਤਲਾਂ ਦੀ ਰੀਸਾਈਕਲ ਕੀਤੀ ਗਈ ਸਮੱਗਰੀ ਦੀ ਹੈ।

ਇਹ ਵਿਸ਼ੇਸ਼ ਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ ਨੂੰ ਬੈਂਗਲੁਰੂ ‘ਚ ਆਯੋਜਿਤ ਇੰਡੀਆ ਐਨਰਜੀ ਵੀਕ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਭੇਂਟ ਕੀਤੀ ਗਈ। ਇਹ ਪੀਈਟੀ ਬੋਤਲਾਂ ਤੋਂ ਬਣਾਈ ਗਈ ਹੈ। ਇੰਡੀਆ ਐਨਰਜੀ ਵੀਕ ਦਾ ਉਦੇਸ਼ ਊਰਜਾ ਪਰਿਵਰਤਨ ਵਿੱਚ ਭਾਰਤ ਦੀ ਵਧਦੀ ਸ਼ਕਤੀ ਨੂੰ ਇੱਕ ਮਹਾਂਸ਼ਕਤੀ ਵਜੋਂ ਪ੍ਰਦਰਸ਼ਿਤ ਕਰਨਾ ਸੀ।

ਤਾਮਿਲਨਾਡੂ ਦੇ ਕਰੂਰ ਦੀ ਇੱਕ ਕੰਪਨੀ ਸ਼੍ਰੀ ਰੇਂਗਾ ਪੋਲੀਮਰਸ ਨੇ ਪੀਐਮ ਮੋਦੀ ਦੀ ਇਸ ਜੈਕੇਟ ਦਾ ਫੈਬਰਿਕ ਤਿਆਰ ਕੀਤਾ ਹੈ। ਕੰਪਨੀ ਨੇ ਪੀਈਟੀ ਬੋਤਲਾਂ ਤੋਂ ਬਣੇ 9 ਵੱਖ-ਵੱਖ ਰੰਗਾਂ ਦੇ ਕੱਪੜੇ ਇੰਡੀਅਨ ਆਇਲ ਨੂੰ ਭੇਜੇ ਸਨ। ਇਸ ਵਿੱਚੋਂ ਪੀਐਮ ਮੋਦੀ ਲਈ ਚੰਦਨ ਦੇ ਰੰਗ ਦਾ ਕੱਪੜਾ ਚੁਣਿਆ ਗਿਆ। ਇਸ ਤੋਂ ਬਾਅਦ ਇਹ ਕੱਪੜਾ ਗੁਜਰਾਤ ਵਿੱਚ ਮੌਜੂਦ ਪੀਐਮ ਮੋਦੀ ਦੇ ਦਰਜ਼ੀ ਨੂੰ ਭੇਜਿਆ ਗਿਆ ਅਤੇ ਫਿਰ ਉਸ ਨੇ ਇਹ ਜੈਕਟ ਤਿਆਰ ਕੀਤੀ।

ਅਜਿਹੀ ਇੱਕ ਜੈਕਟ ਬਣਾਉਣ ਲਈ ਲਗਭਗ 15 ਬੋਤਲਾਂ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਪੂਰੀ ਡਰੈੱਸ ਤਿਆਰ ਕਰਨ ਲਈ ਲਗਭਗ 28 ਬੋਤਲਾਂ ਦੀ ਲੋੜ ਹੁੰਦੀ ਹੈ। ਇਸ ਨੂੰ ਰੰਗ ਦੇਣ ਲਈ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪਹਿਲਾਂ ਫਾਈਬਰ ਤਿਆਰ ਕੀਤਾ ਜਾਂਦਾ ਹੈ, ਫਿਰ ਇਸਨੂੰ ਫੈਬਰਿਕ ਵਿੱਚ ਬਦਲਿਆ ਜਾਂਦਾ ਹੈ ਅਤੇ ਅੰਤ ਵਿੱਚ ਪਹਿਰਾਵਾ ਤਿਆਰ ਹੁੰਦਾ ਹੈ। ਪਲਾਸਟਿਕ ਦੀ ਰੀਸਾਈਕਲਿੰਗ ਨਾਲ ਬਣੀ ਜੈਕੇਟ ਦੀ ਬਾਜ਼ਾਰੀ ਕੀਮਤ ਸਿਰਫ 2000 ਰੁਪਏ ਹੈ।

ਹਾਲ ਹੀ ਵਿੱਚ, ਸਰਕਾਰ ਨੇ 19,700 ਕਰੋੜ ਰੁਪਏ ਦੇ ਖਰਚੇ ਨਾਲ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਅਰਥਵਿਵਸਥਾ ਨੂੰ ਹੁਲਾਰਾ ਦੇਣਾ, ਕਾਰਬਨ ਨੂੰ ਘਟਾਉਣਾ, ਜੈਵਿਕ ਈਂਧਨ ਦੀ ਦਰਾਮਦ ‘ਤੇ ਨਿਰਭਰਤਾ ਨੂੰ ਘਟਾਉਣਾ ਅਤੇ ਦੇਸ਼ ਨੂੰ ਇਸ ਖੇਤਰ ਵਿੱਚ ਇੱਕ ਮੋਹਰੀ ਬਣਾਉਣਾ ਹੈ।