ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਬਲਾਤਕਾਰ ਦੇ ਇਕ ਮਾਮਲੇ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਵਿਅਕਤੀ ਨੂੰ ਬਰੀ ਕਰ ਦਿੱਤਾ ਤੇ ਕਿਹਾ ਕਿ ਵਿਆਹ ਦੇ ਵਾਅਦੇ ਤੋਂ ਮੁਕਰਨ ਦਾ ਹਰ ਮਾਮਲਾ ਬਲਾਤਕਾਰ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਅਤੇ ਹਾਈ ਕੋਰਟ ਦੇ ਸਜ਼ਾ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ, ਹਾਲਾਂਕਿ ਪੀੜਤ ਨੂੰ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਜਾਰੀ ਰੱਖਿਆ ਹੈ।
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਨੇ ਕਿਹਾ, “ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਦੋਸ਼ੀ ਨੇ ਪੂਰੀ ਗੰਭੀਰਤਾ ਨਾਲ ਲੜਕੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਸ ਦੇ ਸਾਹਮਣੇ ਕੁਝ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ, ਜਿਸ ‘ਤੇ ਉਸ ਦਾ ਕੰਟਰੋਲ ਨਾ ਹੋਵੇ ਅਤੇ ਉਸ ਨੂੰ ਆਪਣੀ ਮਰਜ਼ੀ ਖਿਲਾਫ ਵੀ ਵਿਆਹ ਦੇ ਵਾਅਦੇ ਤੋਂ ਪਿੱਛੇ ਹਟਣਾ ਪਿਆ। ਅਜਿਹੇ ‘ਚ ਆਪਣੇ ਵਾਅਦੇ ਨੂੰ ਝੂਠਾ ਮੰਨਦੇ ਹੋਏ ਉਸ ਨੂੰ ਧਾਰਾ 376 ਤਹਿਤ ਬਲਾਤਕਾਰ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਸ਼ਿਕਾਇਤਕਰਤਾ ਨੇ 21 ਮਾਰਚ 2015 ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਉਸਨੇ ਵਿਆਹ ਦਾ ਵਾਅਦਾ ਕਰਨ ਤੋਂ ਬਾਅਦ ਸਰੀਰਕ ਸਬੰਧ ਬਣਾਏ ਪਰ ਬਾਅਦ ਵਿਚ ਮੁਲਜ਼ਮ ਉਸ ਨਾਲ ਵਿਆਹ ਕਰਨ ਤੋਂ ਮੁੱਕਰ ਗਿਆ।