ਸਾਇੰਸ ਸਿਟੀ ‘ਚ 15ਵੇਂ ਤੇ 16ਵੇਂ ਡੌਗ ਸ਼ੋਅ ਦਾ ਆਯੋਜਨ

0
3962

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕਰਵਾਏ ਗਏ 15ਵੇਂ ਅਤੇ 16ਵੇਂ ਡੌਗ ਸ਼ੋਅ ਵਿਚ 40 ਤੋਂ ਵੱਧ ਪ੍ਰਜਾਤੀਆਂ ਦੇ 100 ਤੋਂ ਵੱਧ ਕੁੱਤਿਆਂ (ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਚਰ, ਅਮਰੀਕਨ ਬੁਲਡੌਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ) ਅਤੇ 1000 ਤੋਂ ਵੱਧ ਕੁੱਤਿਆਂ ਦੇ ਸ਼ੌਕੀਨਾਂ ਨੇ ਹਿੱਸਾ ਲਿਆ।

ਇਸ ਮੌਕੇ ਹਾਜ਼ਰ ਡੌਗ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿ ਧਰਤੀ ‘ਤੇ ਸਿਰਫ਼ ਕੁੱਤਾ ਹੀ ਇਕ ਅਜਿਹਾ ਜਾਨਵਰ ਹੈ ਜੋ ਤੁਹਾਨੂੰ ਆਪਣੇ ਆਪ ਤੋਂ ਵੀ ਵੱਧ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁੱਤੇ ਸਾਡੇ ਸਭ ਤੋਂ ਚੰਗੇ ਦੋਸਤ ਬਣਦੇ ਹਨ ਅਤੇ ਅਸੀਂ ਵੀ ਆਪਣੀਆਂ ਸਾਰੀਆਂ ਖੁਸ਼ੀਆਂ ਅਤੇ ਪਿਆਰ ਉਨ੍ਹਾਂ ਨਾਲ ਸਾਂਝੇ ਕਰਦੇ ਹਾਂ ।

ਬੀਤੇ ਕੁਝ ਸਾਲਾਂ ਦੌਰਾਨ ਇਸ ਜਾਨਵਰ ਨੇ ਸਦੀਆਂ ਤੋਂ ਚੱਲੀ ਆ ਰਹੀ ਆਪਣੀ ਭੂਮਿਕਾ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਮਨੁੱਖੀ ਜ਼ਿੰਦਗੀ ‘ਚ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਕੁੱਤੇ ਜਿਥੇ ਸ਼ਿਕਾਰ, ਭਾਰ ਢੋਹਣ, ਸੁਰੱਖਿਆ, ਪੁਲਿਸ ਦੀ ਸਹਾਇਤਾ, ਮਿਲਟਰੀ ਆਦਿ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਉਥੇ ਹੀ ਅਪਾਹਿਜ ਤੇ ਅੰਗਹੀਣਾਂ ਦੀ ਸਹਾਇਤਾ ਲਈ ਵੀ ਸਭ ਤੋਂ ਅੱਗੇ ਹਨ।

ਕੁੱਤਿਆਂ ਦੀਆਂ ਵੱਖ-ਵੱਖ ਨਸਲਾਂ ਅਤੇ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ। ਇਸੇ ਹੀ ਉਦੇਸ਼ ਨਾਲ ਸਾਇੰਸ ਸਿਟੀ ਵਲੋਂ 15ਵੇਂ ਅਤੇ 16ਵੇਂ ਡੌਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪਲੇਟਫ਼ਾਰਮ ਰਾਹੀਂ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਅਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਦਾ ਪ੍ਰਦਰਸ਼ਨ ਕਰਨ ਅਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।

ਇਸ ਮੌਕੇ ਪੂਣੇ ਤੋਂ ਅਜਿਮ ਫ਼ਾਰੂਕੀ, ਹੈਦਰਾਬਾਦ ਤੋਂ ਕਾਸਿਮ ਅਲੀਖਾਨ ਅਤੇ ਕੋਟਕਪੂਰਾ ਤੋਂ ਅਦਰਸ਼ ਛਿੱਬਰ ਸਮੇਤ ਮਾਹਿਰਾਂ ਦੀ ਟੀਮ ਨੇ ਕੁੱਤਿਆਂ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ । ਇਨ੍ਹਾਂ ਤੋਂ ਇਲਾਵਾ ਭਾਰਤੀ ਕੈਨੇਲ ਕਲੱਬ ਤੋਂ ਪ੍ਰਵਾਨਿਤ ਡਾ. ਅੰਕਿਤ ਛਿੱਬਰ ਅਤੇ ਐਚ .ਐਸ ਔਲਖ ਵੀ ਹਾਜ਼ਰ ਸਨ। ਸ਼ੋਅ ਦੌਰਾਨ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾ ਦੀ ਜਾਣਕਾਰੀ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ।