ਹਿੰਦੂ ਨੇਤਾ ਸੁਧੀਰ ਸੂਰੀ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਦੇ ਅਹੁਦੇਦਾਰਾਂ ਨੂੰ ਮਿਲੀਆਂ ਧਮਕੀਆਂ

0
331

ਅੰਮ੍ਰਿਤਸਰ : ਬੀਤੇ ਕੁਝ ਮਹੀਨੇ ਪਹਿਲਾਂ ਹੋਏ ਸੁਧੀਰ ਸੂਰੀ ਕਤਲ ਤੋਂ ਬਾਅਦ ਆਏ ਦਿਨ ਸ਼ਿਵ ਸੈਨਾ ਟਕਸਾਲੀ ਦੇ ਅਹੁਦੇਦਾਰਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸਦੀ ਸ਼ਿਕਾਇਤ ਅਹੁਦੇਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੋਈ ਹੈ।

ਇਹ ਜਾਣਕਾਰੀ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਚੇਅਰਮੈਨ ਮਾਣਕ ਸੂਰੀ, ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ, ਰਾਸ਼ਟਰੀ ਚੇਅਰਮੈਨ ਮਾਣਕ ਸੂਰੀ, ਰਾਸ਼ਟਰੀ ਯੂਥ ਪ੍ਰਧਾਨ ਹਰਦੀਪ ਹੈਪੀ, ਰਾਸ਼ਟਰੀ ਯੂਥ ਚੇਅਰਮੈਨ ਸੁਰਿੰਦਰ ਅਰੋੜਾ ਨੇ ਮੁੱਖ ਦਫਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ।

ਕੌਸ਼ਲ ਤੇ ਹੈਪੀ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਾਕਿਸਤਾਨ ਅਤੇ ਲਸ਼ਕਰ-ਏ-ਖਾਲਸਾ ਦੇ ਸਮਰਥਕਾਂ ਵਲੋਂ ਫੋਨ ਰਾਹੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਹੋਇਆ ਹੈ, ਪਰ ਇਸਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਪੁਲਿਸ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਲਸ਼ਕਰ-ਏ-ਖਾਲਸਾ ਦੇ ਸਮਰਥਕਾਂ ਵਲੋਂ ਧਮਕੀਆਂ ਦਿੰਦੇ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਮਾਰਨ ਲਈ 150 ਸਮਰਥਕ ਅੰਮ੍ਰਿਤਸਰ ਆ ਚੁਕੇ ਹਨ ਤੇ ਜਲਦ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਮਿਲ ਰਹੀਆਂ ਧਮਕੀਆਂ ਦੇ ਵਿਰੋਧ ਵਿਚ ਸ਼ਿਵ ਸੈਨਾ ਟਕਸਾਲੀ ਵਲੋਂ ਸੋਮਵਾਰ 16 ਜਨਵਰੀ ਨੂੰ ਹਾਲ ਗੇਟ ਦੇ ਬਾਹਰ ਪਾਕਿਸਤਾਨ ਦੇ ਝੰਡੇ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗ। ਮਾਣਕ ਸੂਰੀ ਨੇ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸ਼ਿਵ ਸੈਨਾ ਟਕਸਾਲੀ ਦੇ ਕਿਸੇ ਵੀ ਅਹੁਦੇਦਾਰ ਦਾ ਜਾਨ-ਮਾਲ ਦਾ ਕੋਈ ਨੁਕਸਾਨ ਹੋਇਆ ਤਾਂ ਉਸਦੀ ਜਿੰਮੇਵਾਰੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੰਡਿਤ ਮਹਿੰਦਰਪਾਲ, ਪਾਰਸ ਸੂਰੀ ਆਦਿ ਹਾਜ਼ਰ ਸਨ।