ਭੁਲੱਥ | ਸਹੁਰੇ ਵਲੋਂ ਨੂੰਹ ਅਤੇ ਉਸ ਦੇ ਪਰਿਵਾਰ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਥਾਣਾ ਭੁਲੱਥ ਅਧੀਨ ਪੈਂਦੇ ਪਿੰਡ ਮਹਿਮਦਪੁਰ ਦਾ ਹੈ।
ਜਾਣਕਾਰੀ ਅਨੁਸਾਰ ਜਲੰਧਰ ਹਸਪਤਾਲ ਵਿਚ ਇਲਾਜ ਅਧੀਨ ਕਰਨੈਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਹਿਮਦਪੁਰ ਨੇ ਥਾਣਾ ਭੁਲੱਥ ਦੀ ਪੁਲਸ ਨੂੰ ਬਿਆਨ ਦਿੱਤਾ ਕਿ ਉਸ ਨੇ ਆਪਣੇ ਲੜਕੇ ਬਿਕਰਮਜੀਤ ਸਿੰਘ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਰਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭੋਗਪੁਰ ਜ਼ਿਲ੍ਹਾ ਜਲੰਧਰ ਨਾਲ ਕੀਤੀ ਸੀ, ਜਦੋਂ ਤੋਂ ਲੜਕੇ ਬਿਕਰਮਜੀਤ ਸਿੰਘ ਦਾ ਵਿਆਹ ਕੀਤਾ ਹੋਇਆ ਹੈ, ਉਸ ਦੀ ਪਤਨੀ ਰਮਨਦੀਪ ਕੌਰ ਤੰਗ ਪ੍ਰੇਸ਼ਾਨ ਕਰਦੀ ਚਲੀ ਆ ਰਹੀ ਹੈ ਅਤੇ ਨੂੰਹ ਦਾ ਪੇਕਾ ਪਰਿਵਾਰ ਉਸ ਦੀ ਭੈਣ ਮੁਸਕਾਨ, ਭਰਾ ਮਨਵੀਰ ਸਿੰਘ, ਮਨਵੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਅਤੇ ਨੂੰਹ ਦੀ ਮਾਸੀ ਬਲਵਿੰਦਰ ਕੌਰ ਪਰਿਵਾਰ ਨੂੰ ਧਮਕੀਆਂ ਦਿੰਦੇ ਸਨ।
ਇਸੇ ਪ੍ਰੇਸ਼ਾਨੀ ਕਰ ਕੇ ਉਸ ਦੇ ਮੁੰਡੇ ਬਿਕਰਮਜੀਤ ਸਿੰਘ ਦਾ ਐਕਸੀਡੈਂਟ ਹੋਣ ਕਰ ਕੇ ਉਸ ਦੀ ਸੱਜੀ ਲੱਤ ਟੁੱਟ ਗਈ ਹੈ। 25 ਦਸੰਬਰ ਨੂੰ ਕਰੀਬ ਸਾਢੇ 10 ਵਜੇ ਦਿਨ ਨੂੰਹ ਰਮਨਦੀਪ ਕੌਰ ਕਹਿਣ ਲੱਗੀ ਕਿ ਮੈਂ ਪੇਕੇ ਘਰ ਜਾਣਾ ਹੈ। ਲੜਕੇ ਬਿਕਰਮਜੀਤ ਸਿੰਘ ਨੇ ਉਸ ਨੂੰ ਪੇਕੇ ਘਰ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਘਰ ਵਿਚ ਲੜਾਈ ਝਗੜਾ ਕਰਨ ਲੱਗ ਪਈ
ਅਸੀਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾ ਲਿਆ ਤਾਂ ਨੂੰਹ ਦਾ ਪੇਕਾ ਪਰਿਵਾਰ ਵਿਚੋਂ ਉਸ ਦੀ ਭਰਜਾਈ ਸਰਬਜੀਤ ਕੌਰ , ਮਾਤਾ ਰਾਜਵਿੰਦਰ ਕੌਰ ਅਤੇ ਮਾਸੀ ਬਲਵਿੰਦਰ ਕੌਰ ਅਤੇ ਦੋ ਔਰਤਾਂ ਅਤੇ ਇਕ ਆਦਮੀ ਆਇਆ ਅਤੇ ਸਹਿਮਤੀ ਨਾਲ 2 ਦਿਨ ਦਾ ਸਮਾਂ ਦੇ ਕੇ ਆਪਣੀ ਨੂੰਹ ਨੂੰ ਪੇਕੇ ਪਰਿਵਾਰ ਨਾਲ ਤੋਰ ਦਿੱਤਾ। ਇਸੇ ਪ੍ਰੇਸ਼ਾਨੀ ਕਰਕੇ 27 ਦਸੰਬਰ ਨੂੰ ਸਵੇਰੇ ਕਰੀਬ 6:30 ਵਜੇ ਮੈਂ (ਕਰਨੈਲ ਸਿੰਘ) ਘਰ ਵਿਚ ਪਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨਾਲ ਮੇਰੀ ਸਿਹਤ ਖ਼ਰਾਬ ਹੋ ਗਈ ਅਤੇ ਮੇਰੀ ਲੜਕੀ ਪਰਮਿੰਦਰ ਕੌਰ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਭੁਲੱਥ ਲੈ ਗਈ, ਜਿੱਥੇ ਡਾਕਟਰ ਨੇ ਮੇਰੀ ਹਾਲਤ ਵੇਖ ਕੇ ਸਿਵਲ ਹਸਪਤਾਲ ਜਲੰਧਰ ਦਾ ਰੈਫਰ ਕਰ ਦਿੱਤਾ ਅਤੇ ਕੁੜੀ ਪਰਮਿੰਦਰ ਕੌਰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਆਈ, ਜਿੱਥੇ ਮੈਂ ਜ਼ੇਰੇ ਇਲਾਜ ਹਾਂ।
ਦੂਜੇ ਪਾਸੇ ਇਨ੍ਹਾਂ ਬਿਆਨਾਂ ਤੋਂ ਬਾਅਦ 28 ਦਸੰਬਰ ਨੂੰ ਕਰਨੈਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮਹਿਮਦਪੁਰ ਦੀ ਸਿਵਲ ਹਸਪਤਾਲ ਜਲੰਧਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਉਪਰੰਤ ਭੁਲੱਥ ਪੁਲਸ ਨੇ ਪਹਿਲਾਂ ਤੋਂ ਦਰਜ ਰਪਟ ਵਿਚ ਜੁਰਮ ਵਾਧਾ ਕਰਦੇ ਹੋਏ ਰਮਨਦੀਪ ਕੌਰ ਪੁੱਤਰੀ ਮਹਿੰਦਰ ਸਿੰਘ, ਰਾਜਵਿੰਦਰ ਕੌਰ ਪਤਨੀ ਮਹਿੰਦਰ ਸਿੰਘ, ਮਹਿੰਦਰ ਸਿੰਘ, ਮੁਸਕਾਨ ਪੁੱਤਰੀ ਮਹਿੰਦਰ ਸਿੰਘ, ਮਨਵੀਰ ਸਿੰਘ ਪੁੱਤਰ ਮਹਿੰਦਰ ਸਿੰਘ, ਸਰਬਜੀਤ ਕੌਰ ਪਤਨੀ ਮਨਵੀਰ ਸਿੰਘ ਸਾਰੇ ਵਾਸੀਆਨ ਜਹੂਰਾ, ਥਾਣਾ ਟਾਂਡਾ ਹਾਲ ਵਾਸੀ ਭੋਗਪੁਰ ਅਤੇ ਬਲਵਿੰਦਰ ਕੌਰ ਵਾਸੀ ਭੋਗਪੁਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।