ਲੁਧਿਆਣਾ | ਜ਼ਿਲੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਨੌਜਵਾਨ ਦੇ ਦੋਸਤਾਂ ਨੇ ਆਟੋ ਵਿੱਚ ਬੈਠਦੇ ਹੀ ਉਸ ਦੇ ਬੇਟੇ ਨੂੰ ਓਵਰਡੋਜ਼ ਕਰਵਾ ਦਿੱਤਾ। ਇਸ ਤੋਂ ਬਾਅਦ ਨੌਜਵਾਨ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਗੁਰਸਿਮਰਨਜੀਤ ਸਿੰਘ ਹੈ । ਘਟਨਾ ਦੁੱਗਰੀ ਫੇਜ਼-1 ਦੰਗਾ ਪੀੜਤ ਕਾਲੋਨੀ ਦੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਪਹਿਲਾਂ ਉਨ੍ਹਾਂ ਦਾ ਲੜਕਾ ਕਦੇ ਵੀ ਨਸ਼ਾ ਨਹੀਂ ਕਰਦਾ ਸੀ। ਕੁਝ ਨੌਜਵਾਨਾਂ ਨੇ ਉਸ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ।
ਮ੍ਰਿਤਕ ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁੱਤਰ ਗੁਰਸਿਮਰਨਜੀਤ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ। ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਆਦਿ ਨੂੰ ਦੇਖਣ ‘ਤੇ ਪਤਾ ਲੱਗਾ ਕਿ ਕੁਝ ਨੌਜਵਾਨਾਂ ਨੇ ਉਸ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਹੈ। ਪਰਿਵਾਰ ਨੇ ਪੁਲਿਸ ਤੋਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ।
ਦੁੱਗਰੀ ਇਲਾਕੇ ਵਿੱਚ ਖੁੱਲ੍ਹੇਆਮ ਨਸ਼ੇ ਦੀ ਵਿਕਰੀ ਕਾਰਨ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਕੁਝ ਲੋਕਾਂ ਦੀ ਮਿਲੀਭੁਗਤ ਨਾਲ ਹੀ ਚਿੱਟੇ ਦਾ ਧੰਦਾ ਚੱਲਦਾ ਹੈ। ਹਰ ਰੋਜ਼ ਨੌਜਵਾਨ ਪਾਰਕਾਂ ਆਦਿ ਵਿੱਚ ਟੀਕੇ ਲਗਾਉਂਦੇ ਹਨ। ਇਲਾਕਾ ਪੁਲਿਸ ਅੱਖਾਂ ਬੰਦ ਕਰ ਕੇ ਬੈਠੀ ਹੈ। ਦੂਜੇ ਪਾਸੇ ਜੇਕਰ ਇਲਾਕੇ ਦੇ ਲੋਕ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਲੋਕਾਂ ‘ਤੇ ਹਮਲਾ ਵੀ ਕਰ ਦਿੰਦੇ ਹਨ।