ਕਾਊਂਟਰ ਇੰਟੈਲੀਜੈਂਸ ਨੇ ਪਠਾਨਕੋਟ ਤੋਂ 2 ਸਮੱਗਲਰ 10 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ ਕੀਤੇ ਗ੍ਰਿਫਤਾਰ

0
315

ਚੰਡੀਗੜ੍ਹ | ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਇੱਕ ਵਾਰ ਫਿਰ ਸਰਹੱਦੀ ਖੇਤਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਟੀਮ ਨੇ ਪਠਾਨਕੋਟ ਤੋਂ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ।

ਇਸ ਤੋਂ ਇਲਾਵਾ 2 ਪਿਸਤੌਲ, 4 ਮੈਗਜ਼ੀਨ ਅਤੇ 180 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਪੰਜਾਬ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਵੇਂ ਦੋਸ਼ੀ ਪਾਕਿ ਸਥਿਤ ਆਪਰੇਟਿਵ ਦੇ ਸੰਪਰਕ ਵਿੱਚ ਸਨ। ਸਰਹੱਦ ‘ਤੇ ਤਾਰਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਭਾਰਤ ਪਹੁੰਚਾਏ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਪਹਿਲਾਂ ਪਾਕਿਸਤਾਨ ਤੋਂ ਭਾਰਤ ਭੇਜੀ ਗਈ ਕੋਈ ਖੇਪ ਲੈ ਕੇ ਆਏ ਹਨ ਜਾਂ ਨਹੀਂ।