ਜਲੰਧਰ | ਜੀਟੀਬੀ ਨਗਰ ਚੌਕ ‘ਤੇ ਸਥਿਤ ਖੋਖੇ ਦੀਆਂ ਦੁਕਾਨਾਂ ਨੂੰ ਸਾੜਨ ਦੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਸ ਨੇ 4 ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਗਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਰਾਰਤੀ ਅਨਸਰ ਜੀਟੀਬੀ ਨਗਰ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ, ਅਜਮੇਰ ਸਿੰਘ ਵਾਸੀ ਤਰਨਤਾਰਨ, ਮਹਿਕ ਸਿੰਘ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ।
ਦੱਸ ਦੇਈਏ ਕਿ ਅੱਜ ਸਵੇਰੇ ਗੁਰੂ ਤੇਗ ਬਹਾਦਰ ਨਗਰ ਚੌਕ ਨੇੜੇ ਪਾਣ ਅਤੇ ਬੀੜੀ ਦੇ ਖੋਖੇ ਚਲਾ ਰਹੇ ਦੁਕਾਨਦਾਰਾਂ ਦੇ ਖੋਖਿਆਂ ਦੀ ਭੰਨਤੋੜ ਕਰਕੇ ਅੱਗ ਲਾ ਦਿੱਤੀ। ਕੁਝ ਸ਼ਰਾਰਤੀ ਅਨਸਰਾਂ ਨੇ ਤੰਬਾਕੂ ਅਤੇ ਸਿਗਰਟ ਦਾ ਸਾਮਾਨ ਵੀ ਸਾੜ ਦਿੱਤਾ। ਇਸ ਮਾਮਲੇ ਵਿਚ ਪੀੜਤ ਰਾਮ ਆਧਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਕਾਂਤਾ ਪ੍ਰਸਾਦ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ’ਤੇ ਬੈਠੇ ਸਨ। ਕੁਝ ਹੀ ਦੇਰ ‘ਚ 5 ਤੋਂ 6 ਜਣੇ ਉਸ ਦੀ ਦੁਕਾਨ ‘ਤੇ ਆ ਗਏ ਅਤੇ ਦੁਕਾਨ ਦਾ ਸਾਮਾਨ ਚੁੱਕ ਕੇ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਪੀੜਤਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।






































