ਜਲੰਧਰ : ਸ਼ੇਖਾਂ ਬਾਜ਼ਾਰ ‘ਚ ਗੁਰਦੁਆਰਾ ਸਿੰਘ ਸਭਾ ‘ਚ ਸਾਹਮਣੇ ਆਇਆ ਬੇਅਦਬੀ ਦਾ ਮਾਮਲਾ, ਅੰਮ੍ਰਿਤਧਾਰੀ ਨੌਜਵਾਨ ਗ੍ਰਿਫਤਾਰ

0
426

ਜਲੰਧਰ। ਜਲੰਧਰ ਦੇ ਥਾਣਾ ਨੰਬਰ 4 ਅਧੀਨ ਆਉਂਦੇ ਸ਼ੇਖਾਂ ਬਾਜ਼ਾਰ ਵਿੱਚ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਹ ਘਟਨਾ ਇਕ ਦਿਨ ਪੁਰਾਣੀ ਹੈ ਪਰ ਇਸ ਦੀ ਸੀਸੀਟੀਵੀ ਫੁਟੇਜ ਅਤੇ ਸਿੱਖ ਜਥੇਬੰਦੀਆਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਪੁਲਿਸ ਨੇ ਇਸ ਮਾਮਲੇ ਵਿਚ ਆਰੋਪੀ ‘ਤੇ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਏਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ੇਖਾਂ ਬਾਜ਼ਾਰ ਵਿਖੇ ਗੁਰਦੁਆਰਾ ਸਿੰਘ ਸਭਾ ਵਿਚ ਇਕ ਅੰਮ੍ਰਿਤਧਾਰੀ ਨੌਜਵਾਨ ਨੇ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਦੁੱਧ ਡੋਲ੍ਹ ਦਿੱਤਾ, ਜਦ ਉਥੇ ਪਾਠ ਚੱਲ ਰਿਹਾ ਸੀ। ਇਕ ਦਿਨ ਪੁਰਾਣੀ ਇਸ ਘਟਨਾ ਬਾਰੇ ਜਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਆਰੋਪੀ ਹਰਕੀਰਤ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਇਸ ਪੂਰੀ ਘਟਨਾ ਬਾਰੇ ਜਦ ਆਰੋਪੀ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਰਕੀਰਤ ਸਿੰਘ ਦਿਮਾਗ਼ੀ ਤੌਰ ‘ਤੇ ਠੀਕ ਨਹੀਂ ਹੈ ਅਤੇ ਉਸ ਨੇ ਜੋ ਕੁਝ ਵੀ ਕੀਤਾ, ਉਹ ਜਾਣ ਬੁੱਝ ਕੇ ਨਹੀਂ ਕੀਤਾ। ਪੁਲਿਸ ਇਸ ਮਾਮਲੇ ਵਿੱਚ ਹਰਕੀਰਤ ਸਿੰਘ ਨੂੰ ਰਿਮਾਂਡ ‘ਤੇ ਲੈ ਚੁੱਕੀ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।