ਅੱਤਵਾਦ ਲਈ ਫੰਡਿੰਗ ਅੱਤਵਾਦ ਤੋਂ ਕਿਤੇ ਵੱਧ ਖਤਰਨਾਕ : ਅਮਿਤ ਸ਼ਾਹ

0
534

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਫੰਡਿੰਗ ਨੂੰ ਅੱਤਵਾਦ ਨਾਲੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਕਿਸੇ ਧਰਮ, ਕੌਮੀਅਤ ਜਾਂ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਰਾਜਧਾਨੀ ਦੇ ਹੋਟਲ ਤਾਜ ਪੈਲੇਸ ‘ਚ ‘ਨੋ ਮਨੀ ਫਾਰ ਟੈਰਰ’ ਵਿਸ਼ੇ ‘ਤੇ ਤੀਜੇ ਮੰਤਰੀ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਅੱਤਵਾਦੀਆਂ ਨੂੰ ਸੁਰੱਖਿਆ ਦੇਣਾ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਬਰਾਬਰ ਹੈ।

ਸ਼ਾਹ ਨੇ ਕਿਹਾ ਕਿ ਅੱਤਵਾਦੀ ਹਿੰਸਾ ਨੂੰ ਅੰਜਾਮ ਦੇਣ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਵਿੱਤੀ ਸਰੋਤ ਜੁਟਾਉਣ ਅਤੇ ਸਾਈਬਰ ਕ੍ਰਾਈਮ ਸਾਧਨਾਂ ਦੀ ਵਰਤੋਂ ਕਰਕੇ ਅਤੇ ਆਪਣੀ ਪਛਾਣ ਛੁਪਾ ਕੇ ਕੱਟੜਪੰਥੀ ਸਮੱਗਰੀ ਫੈਲਾਉਣ ਲਈ ਲਗਾਤਾਰ ਨਵੇਂ ਤਰੀਕੇ ਲੱਭ ਰਹੇ ਹਨ। ਸ਼ਾਹ ਨੇ ਕਿਹਾ, ”ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਖਤਰਾ ਹੈ। ਪਰ ਮੇਰਾ ਮੰਨਣਾ ਹੈ ਕਿ ਅੱਤਵਾਦ ਦੀ ਫੰਡਿੰਗ, ਅੱਤਵਾਦ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਇਸ ਤੋਂ ਇਲਾਵਾ ਅੱਤਵਾਦ ਫੰਡਿੰਗ ਦੁਨੀਆ ਦੇ ਦੇਸ਼ਾਂ ਦੀ ਆਰਥਿਕਤਾ ਨੂੰ ਕਮਜ਼ੋਰ ਕਰਦੀ ਹੈ”।

ਉਹਨਾਂ ਕਿਹਾ,”ਅਸੀਂ ਇਹ ਵੀ ਮੰਨਦੇ ਹਾਂ ਕਿ ਅੱਤਵਾਦ ਦੇ ਖਤਰੇ ਨੂੰ ਕਿਸੇ ਧਰਮ, ਕੌਮੀਅਤ ਜਾਂ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ”। ਉਹਨਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਨੂੰ ਮਜ਼ਬੂਤ ​​ਕਰਨ ‘ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਅੱਤਵਾਦ ਦਾ ਮੁਕਾਬਲਾ ਕਰਨ ਲਈ ਬੁਨਿਆਦੀ ਢਾਂਚੇ ਦੇ ਨਾਲ-ਨਾਲ ਕਾਨੂੰਨੀ ਅਤੇ ਵਿੱਤੀ ਪ੍ਰਣਾਲੀਆਂ ਦਾ ਵਿਕਾਸ ਕੀਤਾ ਗਿਆ ਹੈ। ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਹਮਲਾ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਕੁਝ ਦੇਸ਼ ਅਜਿਹੇ ਹਨ ਜੋ ਅੱਤਵਾਦ ਨਾਲ ਲੜਨ ਦੀਆਂ ਸਮੂਹਿਕ ਕੋਸ਼ਿਸ਼ਾਂ ਨੂੰ ਕਮਜ਼ੋਰ ਅਤੇ ਨਸ਼ਟ ਕਰਨਾ ਚਾਹੁੰਦੇ ਹਨ।