ਫਰੀਦਕੋਟ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅੱਜ ਸਵੇਰੇ ਫਰੀਦਕੋਟ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪਾ ਕੇ ਲਈ ਹੈ। ਪੋਸਟ ‘ਚ ਗੋਲਡੀ ਨੇ ਲਿਖਿਆ ਕਿ ਅੱਜ ਜੋ ਕੋਟਕਪੂਰਾ ਚ ਬੇਅਦਬੀ ਕੇਸ ਦੇ ਦੋਸ਼ੀ ਪ੍ਰਦੀਪ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਲੈਣਾ।
7 ਸਾਲ ਹੋ ਗਏ ਸਨ ਦੁਨੀਆ ਨੂੰ 3 ਸਰਕਾਰਾਂ ਦੇ ਮੂੰਹ ਦੇਖਦੇ ਇਨਸਾਫ ਲਈ। ਅੱਜ ਆਪਣਾ ਇਨਸਾਫ ਕਰਤਾ। ਜਿਹੜਾ ਪੁਲਸ ਵਾਲੇ ਦਾ ਨੁਕਸਾਨ ਹੋਇ ਫਾਇਰਿੰਗ ਚ ਸਾਨੂੰ ਉਸ ਦਾ ਦੁੱਖ ਹੈ ਪਰ ਸਿਰਫ ਤਨਖਾਹ ਲਈ ਗੁਰੂ ਸਾਹਿਬ ਦੇ ਦੋਸ਼ੀ ਦੀ ਸਕਿਊਰਿਟੀ ਕਰਨ ਵਾਲਿਆਂ ‘ਤੇ ਵੀ ਲਖ ਦੀ ਲਾਹਨਤ ਹੈ। ਕੋਈ ਵੀ ਜੋ ਕਿਸੇ ਧਰਮ ਦੀ ਬੇਇਜ਼ਤੀ ਕਰੇਗਾ, ਉਸ ਦਾ ਇਹੀ ਹਾਲ ਹੋਵੇਗਾ।ਹਿੰਦੂ ਸਿੱਖ ਸਾਰੇ ਭਰਾਵਾਂ ਨੇ ਇਹ ਬਦਲਾ ਲਿਆ ਹੈ ਕਿਉਂਕਿ ਗੁਰੂ ਸਾਹਿਬ ਸਭ ਦੇ ਸਾਂਝੇ ਹਨ।
ਦਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਡੇਅਰੀ ਖੋਲ੍ਹ ਰਿਹਾ ਸੀ। ਉਸੇ ਸਮੇਂ ਦੋ ਮੋਟਰਸਾਈਕਲਾਂ ‘ਤੇ ਸਵਾਰ 5 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ ਗੰਨਮੈਨ ਵੀ ਉਸ ਦੇ ਨਾਲ ਸੀ। ਹਮਲਾਵਰਾਂ ਨੇ ਉਸ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਨੇੜੇ ਹੀ ਇਕ ਹੋਰ ਦੁਕਾਨ ਦੇ ਸੰਚਾਲਕ ਨੂੰ ਵੀ ਗੋਲੀ ਮਾਰੀ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।