ਪੁਰਾਣੀ ਰੰਜਿਸ਼ ਕਾਰਨ ਗੁੱਜਰ ਭਾਈਚਾਰੇ ਦੇ ਲੋਕਾਂ ਦਰਮਿਆਨ ਚੱਲੀਆਂ ਗੋਲੀਆਂ, ਇਕ ਜ਼ਖਮੀ

0
557

ਗੁਰਦਾਸਪੁਰ | ਬੀਤੀ ਦੇਰ ਰਾਤ ਬਟਾਲਾ ਦੇ ਗੰਦੇ ਨਾਲੇ ਬਾਈਪਾਸ ਦੇ ਨੇੜੇ ਗੁੱਜਰ ਭਾਈਚਾਰੇ ਦੇ ਲੋਕਾਂ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ 2 ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ। ਮੌਕੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ 4 ਹਮਲਾਵਰ 2 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਅਤੇ ਕਾਰ ‘ਤੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਦੂਜੇ ਧਿਰ ਦੇ ਗੁੱਜਰ ਭਾਈਚਾਰੇ ਦੇ ਬਿਰਤੀਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਗੱਲਬਾਤ ਦੌਰਾਨ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਵਿੱਚ ਜ਼ਖਮੀ ਹੋਏ ਫਰੀਦ ਨੇ ਦੱਸਿਆ ਕਿ ਸਾਰਿਆਂ ਨੇ ਗੱਡੀ ਦੀ ਸੀਟ ‘ਤੇ ਲੰਮੇ ਪੈ ਕੇ ਜਾਨ ਬਚਾਈ ਫਿਰ ਵੀ ਉਸ ਦੀ ਲੱਤ ਅਤੇ ਬਾਂਹ ‘ਤੇ ਗੋਲੀ ਲੱਗੀ। ਰੰਜ਼ਿਸ ਦਾ ਕਾਰਨ ਪਰਿਵਾਰ ਦੀ ਇੱਕ ਔਰਤ ਦੇ ਅਪਹਰਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਬਾਂਹ ਅਤੇ ਪੱਟ ‘ਤੇ ਗੋਲੀਆਂ ਲਗਣ ਕਾਰਨ ਜ਼ਖਮੀ ਹੋਏ ਫ਼ਰੀਦ ਅਤੇ ਉਸ ਦੇ ਭਰਾ ਨੂਰਦੀਨ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਕਾਰ ‘ਤੇ ਵਾਪਸ ਆ ਰਹੇ ਸੀ। ਜਦੋਂ ਉਨ੍ਹਾਂ ਦੀ ਗੱਡੀ ਬਟਾਲਾ ਬਾਈਪਾਸ ਗੰਦੇ ਨਾਲੇ ਕੋਲ ਪੁਹੰਚੀ ਤਾਂ 2 ਮੋਟਰਸਾਈਕਲਾਂ ‘ਤੇ ਸਵਾਰ 4 ਲੋਕਾਂ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣੇ ਮੋਟਰਸਾਈਕਲ ਲਗਾ ਕੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ, ਜਿਸ ਥਾਂ ‘ਤੇ ਗੱਡੀ ਨੂੰ ਰੋਕਿਆ ਗਿਆ ਸੀ, ਉਸ ਦੇ ਸਾਹਮਣੇ ਤੋਂ ਗੁੱਜਰਾਂ ਦੇ ਡੇਰੇ ਤੋਂ ਵੀ 2 ਲੋਕ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਧਮਕਾਉਣ ਲੱਗ ਪਏ। ਜ਼ਖਮੀ ਫ਼ਰੀਦ ਨੇ ਦੱਸਿਆ ਕਿ ਉਸ ਦਾ ਭਰਾ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਉਨ੍ਹਾਂ ਨਾਲ ਹੀ ਰਹਿੰਦੀ ਹੈ। ਦੂਸਰੇ ਗੁੱਜਰ ਪਰਿਵਾਰ ਦਾ ਬੇਟਾ ਉਨ੍ਹਾਂ ਦੇ ਫੌਜੀ ਭਰਾ ਦੀ ਪਤਨੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ ਪਰ ਕੁਝ ਦਿਨਾਂ ਬਾਅਦ ਬਰਦਾਰੀ ਦੇ ਸਾਹਮਣੇ ਉਸ ਦੀ ਭਰਜਾਈ ਨੂੰ ਵਾਪਿਸ ਕਰ ਦਿੱਤਾ ਸੀ। ਉਸੇ ਘਟਨਾ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਰੰਜਿਸ਼ ਸੀ ਅਤੇ ਅੱਜ ਉਸੇ ਰੰਜਿਸ਼ ਨੂੰ ਲੈ ਕੇ ਉਕਤ ਗੁੱਜਰ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਸਾਨੂੰ ਧਮਕਾਇਆ ਅਤੇ ਸਾਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਪਿਸਤੌਲਾਂ ਨਾਲ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ। ਗੱਡੀ ਵਿਚ ਸੀਟ ਉੱਤੇ ਲੰਮੇ ਪੈਣ ਕਾਰਨ ਦੋ ਗੋਲੀਆਂ ਮੇਰੀ ਬਾਂਹ ਅਤੇ ਪੱਟ ‘ਤੇ ਲਗ ਗਈਆਂ ਅਤੇ ਇਕ ਗੋਲੀ ਗੱਡੀ ਦੇ ਦਰਵਾਜ਼ੇ ‘ਤੇ ਵੀ ਲੱਗੀ। ਸ਼ਿਕਾਰ ਹੋਏ ਗੁੱਜਰ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੂਜੇ ਗੁੱਜਰ ਪਰਿਵਾਰ ਤੋਂ ਖਤਰਾ ਹੈ। ਉਕਤ ਗੁੱਜਰ ਪਰਿਵਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ।

ਉਥੇ ਹੀ ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਅਰਵਿੰਦਰ ਨੇ ਦੱਸਿਆ ਕਿ ਪਿੰਡ ਮੜੀਆਂਵਾਲ ਦੇ ਰਹਿਣ ਵਾਲੇ ਫ਼ਰੀਦ ਨੂੰ ਜ਼ਖਮੀ ਹਾਲਾਤ ਵਿੱਚ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਕੇ ਆਏ ਹਨ। ਉਸ ਦਾ ਇਲਾਜ ਚੱਲ ਰਿਹਾ। ਪੁਲਿਸ ਨੂੰ ਇਸ ਦੀ ਸੂਚਨਾ ਕਰ ਦਿੱਤੀ ਗਈ ਹੈ। ਬਾਕੀ ਐਕਸਰੇ ਦੇਖਣ ਤੋਂ ਬਾਅਦ ਪਤਾ ਲੱਗ ਪਾਏਗਾ ਕਿ ਜ਼ਖਮ ਕਿੰਨੇ ਡੂੰਘੇ ਹਨ ।