ਅਨੁਸ਼ਾਸਨਿਕ ਕਮੇਟੀ ਦਾ ਵੱਡਾ ਫ਼ੈਸਲਾ, ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਤੋਂ ਕੀਤਾ ਸਸਪੈਂਡ

0
305

ਚੰਡੀਗੜ੍ਹ| ਅਕਾਲੀ ਦਲ ਅਨੁਸ਼ਾਸਨਿਕ ਕਮੇਟੀ ਨੇ ਵੱਡਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰ ਕੇ 48 ਘੰਟਿਆਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਹੈ। ਚੰਡੀਗੜ੍ਹ ‘ਚ ਬੁੱਧਵਾਰ ਨੂੰ ਪਹਿਲਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਸੀਨੀਅਰ ਲੀਡਰਸ਼ਿਪ ਦੀ ਬੈਠਕ ਹੋਈ ਜਿਸ ਵਿਚ SGPC ਪ੍ਰਧਾਨ ਦੇ ਮੁੱਦੇ ‘ਤੇ ਚਰਚਾ ਹੋਈ। ਇਸ ਮੀਟਿੰਗ ‘ਚ ਸੁਰਜੀਤ ਸਿੰਘ ਰੱਖੜਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਨੂੰ ਬੀਬੀ ਜਗੀਰ ਕੌਰ ਨਾਲ ਬੀਤੇ ਦਿਨ ਹੋਈ ਮੀਟਿੰਗ ਦੀ ਰਿਪੋਰਟ ਸੌਂਪ ਦਿੱਤੀ। ਇਸ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੀ ਬੈਠਕ ਹੋਈ ਜਿਸ ਵਿਚ ਇਹ ਸਖ਼ਤ ਫ਼ੈਸਲਾ ਲਿਆ ਹੈ।

ਦਰਅਸਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ (Sikandar Singh Maluka) ਨੇ ਬੀਤੇ ਦਿਨੀਂ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਬੀਬੀ ਜਗੀਰ ਕੌਰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ ਲਡ਼ਦੇ ਹਨ ਤਾਂ ਉਨ੍ਹਾਂ ਖਿਲਾਫ਼ ਅਕਾਲੀ ਦਲ ਅਨੁਸ਼ਾਸਨੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਆਗੂ ਖਿਲਾਫ਼ ਕਾਰਵਾਈ ਕਰੇਗੀ।